Home ਪੰਜਾਬ ਜੈਤੋ ਰੈਲੀ: ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ‘ਤੇ ਬੋਲਿਆ ਤਿੱਖਾ ਹੱਲਾ;...

ਜੈਤੋ ਰੈਲੀ: ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ‘ਤੇ ਬੋਲਿਆ ਤਿੱਖਾ ਹੱਲਾ; ਬੇਅਦਬੀ ਦੇ ਮਾਮਲਿਆਂ ‘ਚ ਸਖ਼ਤ ਕਾਨੂੰਨ ਦਾ ਐਲਾਨ

0

ਸੁਖਬੀਰ ਬਾਦਲ, ਕੈਪਟਨ ਅਤੇ ਮਜੀਠੀਆ ‘ਤੇ ਕੱਸੇ ਤੰਜ਼; 13 ਅਪ੍ਰੈਲ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ‘ਚ ਲਿਆਂਦਾ ਜਾਵੇਗਾ ਨਵਾਂ ਬਿੱਲ

ਫਰੀਦਕੋਟ/ਜੈਤੋ:5 ਅਪ੍ਰੈਲ 2026 (ਛਤਰਪਾਲ ਸਿੰਘ) ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਫਰੀਦਕੋਟ ਦੇ ਜੈਤੋ ਵਿਖੇ ਇੱਕ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ‘ਤੇ ਤਿੱਖੇ ਸਿਆਸੀ ਹਮਲੇ ਕੀਤੇ। ਮੁੱਖ ਮੰਤਰੀ ਨੇ ਵਿਰੋਧੀਆਂ ਨੂੰ ‘ਪੰਜਾਬ ਵਿਰੋਧੀ’ ਗਰਦਾਨਦਿਆਂ ਕਈ ਅਹਿਮ ਐਲਾਨ ਵੀ ਕੀਤੇ।

ਬੇਅਦਬੀ ਦੇ ਦੋਸ਼ੀਆਂ ਲਈ ਉਮਰ ਕੈਦ ਦੀ ਤਜਵੀਜ਼

ਮੁੱਖ ਮੰਤਰੀ ਮਾਨ ਨੇ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਬੇਅਦਬੀ ਕਰਨ ਵਾਲਿਆਂ ਵਿਰੁੱਧ ਪੰਜਾਬ ਸਰਕਾਰ ਬਹੁਤ ਸਖ਼ਤ ਕਾਨੂੰਨ ਲਿਆ ਰਹੀ ਹੈ। ਉਨ੍ਹਾਂ ਦੱਸਿਆ ਕਿ 13 ਅਪ੍ਰੈਲ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਜਾਵੇਗਾ। ਇਸ ਇਜਲਾਸ ਵਿੱਚ ਅਜਿਹਾ ਕਾਨੂੰਨ ਲਿਆਂਦਾ ਜਾਵੇਗਾ ਜਿਸ ਤਹਿਤ ਬੇਅਦਬੀ ਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਹੋਵੇਗੀ ਅਤੇ ਇੱਕ ਸਾਲ ਤੱਕ ਕੋਈ ਜ਼ਮਾਨਤ ਨਹੀਂ ਮਿਲੇਗੀ। ਉਨ੍ਹਾਂ ਕਿਹਾ, “ਅਕਾਲੀ ਦਲ ਨੂੰ ਵੋਟ ਪਾਉਣਾ ਬੇਅਦਬੀ ਕਰਨ ਦੇ ਬਰਾਬਰ ਹੈ।”

ਸੁਖਬੀਰ ਬਾਦਲ ਅਤੇ ਮਜੀਠੀਆ ‘ਤੇ ਨਿੱਜੀ ਹਮਲੇ

ਸੁਖਬੀਰ ਸਿੰਘ ਬਾਦਲ ‘ਤੇ ਤੰਜ਼ ਕਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ‘ਮੰਦਬੁੱਧੀ’ ਨਹੀਂ ਸਗੋਂ ‘ਬੰਦ ਬੁੱਧੀ’ ਹਨ। ਉਨ੍ਹਾਂ ਕਿਹਾ ਕਿ ਪਹਾੜਾਂ ਵਾਲੇ ਸਕੂਲ ਵਿੱਚ ਪੜ੍ਹਨ ਕਾਰਨ ਸੁਖਬੀਰ ਨੂੰ ਪੰਜਾਬੀ ਨਾ ਤਾਂ ਪੜ੍ਹਨੀ ਆਉਂਦੀ ਹੈ ਅਤੇ ਨਾ ਹੀ ਸਮਝਾਉਣੀ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਵੰਡ ਰਿਹਾ ਹੈ। ਬਿਕਰਮ ਮਜੀਠੀਆ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ‘ਚਿੱਟੇ’ ਨਾਲ ਬਰਬਾਦ ਕਰਨ ਵਾਲਿਆਂ ‘ਤੇ ਨਸਲਕੁਸ਼ੀ ਦਾ ਕੇਸ ਚੱਲਣਾ ਚਾਹੀਦਾ ਹੈ।

ਕੈਪਟਨ ਅਤੇ ਪੀਐਮ ਮੋਦੀ ‘ਤੇ ਨਿਸ਼ਾਨਾ

ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਾ ਕਰਦਿਆਂ ਮਾਨ ਨੇ ਕਿਹਾ ਕਿ ਕੈਪਟਨ ਹਮੇਸ਼ਾ ਸੱਤਾ ਦੇ ਨਾਲ ਰਹੇ ਹਨ—ਚਾਹੇ ਉਹ ਮੁਗ਼ਲ ਹੋਣ, ਅੰਗਰੇਜ਼ ਹੋਣ, ਕਾਂਗਰਸ ਹੋਵੇ ਜਾਂ ਹੁਣ ਭਾਜਪਾ। ਪ੍ਰਧਾਨ ਮੰਤਰੀ ਮੋਦੀ ਬਾਰੇ ਉਨ੍ਹਾਂ ਕਿਹਾ ਕਿ ਉਹ ਦੇਸ਼ ਦੇ ਮਾਲਕ ਬਣ ਕੇ ਬੈਠ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਵਿਰੋਧੀ ਧਿਰਾਂ ਸਾਨੂੰ ‘ਸੰਗਲ’ ਪਾਉਣ ਦੀਆਂ ਗੱਲਾਂ ਕਰਦੀਆਂ ਹਨ, ਉੱਥੇ ਅਸੀਂ ਵਿਕਾਸ ਦੀ ਗੱਲ ਕਰਦੇ ਹਾਂ।

ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੇ ‘ਆਪ’ ਨੂੰ ਚੁਣਿਆ ਹੈ, ਜਿਸ ਕਾਰਨ ਅੱਜ ਪੰਜਾਬ ਵਿੱਚ ਵਿਕਾਸ ਹੋ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਇਹ ਰਫ਼ਤਾਰ ਜਾਰੀ ਰਹੇਗੀ।

Exit mobile version