ਪਾਣੀ, ਪੰਥ, ਕਿਸਾਨੀ ਅਤੇ ਜਵਾਨੀ ਦੇ ਸਵਾਲਾਂ ਤੋਂ ਬਿਨਾਂ ਪੰਜਾਬ ਦੀ ਸਿਆਸਤ ਅਧੂਰੀ
ਪਟਿਆਲਾ 16 ਮਾਰਚ (ਛਤਰਪਾਲ ਸਿੰਘ)
ਪੰਜਾਬ ਦੇ ਮੌਜੂਦਾ ਰਾਜਨੀਤਿਕ ਹਾਲਾਤਾਂ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਰਿਚੀ ਡਕਾਲਾ ਨੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਨੂੰ ਕਰੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਪੰਜਾਬ ਵਿੱਚ ਸੱਤਾ ਹਾਸਲ ਕਰਨ ਦੇ ਸੁਪਨੇ ਤਾਂ ਦੇਖ ਰਹੀ ਹੈ, ਪਰ ਅਸਲੀਅਤ ਇਹ ਹੈ ਕਿ ਇਸ ਪਾਰਟੀ ਨੂੰ ਅਜੇ ਤੱਕ ਪੰਜਾਬ ਦੀ ਮਿੱਟੀ, ਇੱਥੋਂ ਦੇ ਸੱਭਿਆਚਾਰ ਅਤੇ ਮੁੱਖ ਮੁੱਦਿਆਂ ਦੀ ਸਮਝ ਹੀ ਨਹੀਂ ਆਈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਨੂੰ ਸਮਝੇ ਬਿਨਾਂ ਇੱਥੇ ਰਾਜਨੀਤੀ ਕਰਨਾ ਸੰਭਵ ਨਹੀਂ ਹੈ।
ਰਿਚੀ ਡਕਾਲਾ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦਾ ਮੁੱਦਾ ਸੂਬੇ ਲਈ ਜੀਵਨ-ਮਰਨ ਦਾ ਸਵਾਲ ਹੈ, ਪਰ ਬੀਜੇਪੀ ਨੇ ਅੱਜ ਤੱਕ ਇਸ ‘ਤੇ ਆਪਣਾ ਰੁਖ਼ ਸਪੱਸ਼ਟ ਨਹੀਂ ਕੀਤਾ। ਇਸੇ ਤਰ੍ਹਾਂ ਕਿਸਾਨੀ ਸਮੱਸਿਆਵਾਂ, ਜੋ ਕਿ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ, ਬਾਰੇ ਵੀ ਬੀਜੇਪੀ ਵੱਲੋਂ ਕੋਈ ਗੰਭੀਰ ਚਰਚਾ ਜਾਂ ਠੋਸ ਨੀਤੀ ਸਾਹਮਣੇ ਨਹੀਂ ਆਈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਜ਼ਖਮਾਂ ‘ਤੇ ਮਲ੍ਹਮ ਲਾਉਣ ਦੀ ਬਜਾਏ ਕੇਂਦਰ ਸਰਕਾਰ ਨੇ ਹਮੇਸ਼ਾ ਅਣਗਹਿਲੀ ਵਾਲਾ ਰਵੱਈਆ ਅਪਣਾਇਆ ਹੈ।
ਪੰਥਕ ਮੁੱਦਿਆਂ ਦਾ ਜ਼ਿਕਰ ਕਰਦਿਆਂ ਰਿਚੀ ਡਕਾਲਾ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਸਿੱਖ ਮਾਨਸਿਕਤਾ ਨਾਲ ਜੁੜਿਆ ਹੋਇਆ ਹੈ, ਜਿਸ ਬਾਰੇ ਬੀਜੇਪੀ ਨੇ ਕੋਈ ਭਰੋਸਾ ਨਹੀਂ ਦਿੱਤਾ। ਇਸ ਤੋਂ ਇਲਾਵਾ, ਚੰਡੀਗੜ੍ਹ ਅਤੇ ਪੰਜਾਬ ਦੀ ਰਾਜਧਾਨੀ ਨਾਲ ਜੁੜੇ ਹੱਕਾਂ ਬਾਰੇ ਵੀ ਭਾਰਤੀ ਜਨਤਾ ਪਾਰਟੀ ਦਾ ਦੋਹਰਾ ਚਿਹਰਾ ਸਾਹਮਣੇ ਆ ਚੁੱਕਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਪੰਜਾਬ ਦੀ ਸਿਆਸਤ ਵਿੱਚੋਂ ਪਾਣੀ, ਪੰਥ, ਕਿਸਾਨੀ, ਮਜ਼ਦੂਰ, ਵਪਾਰੀ ਅਤੇ ਜਵਾਨੀ ਦੇ ਸਵਾਲਾਂ ਨੂੰ ਹੀ ਹਟਾ ਦਿੱਤਾ ਜਾਵੇ, ਤਾਂ ਫਿਰ ਬੀਜੇਪੀ ਕੋਲ ਪੰਜਾਬੀਆਂ ਨੂੰ ਦੇਣ ਲਈ ਬਚਦਾ ਹੀ ਕੀ ਹੈ?
ਡਕਾਲਾ ਨੇ ਕਿਹਾ ਕਿ ਬੀਜੇਪੀ ਆਗੂ ਸਿਰਫ਼ ਇਹ ਕਹਿ ਰਹੇ ਹਨ ਕਿ “ਸਾਨੂੰ ਇੱਕ ਵਾਰੀ ਮੌਕਾ ਦਿਓ”, ਪਰ ਉਹ ਇਹ ਦੱਸਣ ਵਿੱਚ ਨਾਕਾਮ ਹਨ ਕਿ ਉਹ ਪੰਜਾਬ ਦੀ ਬੇਰੁਜ਼ਗਾਰ ਜਵਾਨੀ ਅਤੇ ਡੁੱਬਦੇ ਵਪਾਰ ਨੂੰ ਬਚਾਉਣ ਲਈ ਕੀ ਕਰਨਗੇ। ਉਨ੍ਹਾਂ ਕਿਹਾ ਕਿ ਬੀਜੇਪੀ ਪੰਜਾਬ ਨੂੰ ਸਮਝਣ ਦੀ ਕੋਸ਼ਿਸ਼ ਕਰਨ ਦੀ ਬਜਾਏ, ਸਿਰਫ਼ ਸੱਤਾ ਹਾਸਲ ਕਰਨ ਲਈ ਹੱਥ-ਪੈਰ ਮਾਰ ਰਹੀ ਹੈ।
ਅਖੀਰ ਵਿੱਚ ਰਿਚੀ ਡਕਾਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਸਿਆਣੇ ਹਨ ਅਤੇ ਉਹ ਅਜਿਹੀਆਂ ਪਾਰਟੀਆਂ ਨੂੰ ਕਦੇ ਮੂੰਹ ਨਹੀਂ ਲਗਾਉਣਗੇ ਜਿਨ੍ਹਾਂ ਕੋਲ ਸੂਬੇ ਦੇ ਭਵਿੱਖ ਲਈ ਕੋਈ ਸਪਸ਼ਟ ਦ੍ਰਿਸ਼ਟੀਕੋਣ ਨਹੀਂ ਹੈ।
