ਪਟਿਆਲਾ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਬੁੱਧਵਾਰ ਰਾਤ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੋ ਹੋਰ ਨੌਜਵਾਨ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ। ਇਹ ਹਾਦਸਾ ਪਟਿਆਲਾ ਦੇ ਬਾਬਾ ਦੀਪ ਸਿੰਘ ਨਗਰ ਇਲਾਕੇ ਵਿੱਚ ਅੰਗੀਠਾ ਸਾਹਿਬ ਗੁਰਦੁਆਰੇ ਦੇ ਕੋਲ ਵਾਪਰਿਆ।
ਮਿਲੀ ਜਾਣਕਾਰੀ ਮੁਤਾਬਕ ਤਿੰਨ ਨੌਜਵਾਨ ਕੋਚਿੰਗ ਕਲਾਸ ਤੋਂ ਪੜ੍ਹਾਈ ਕਰਕੇ ਮੋਟਰਸਾਈਕਲ ‘ਤੇ ਆਪਣੇ ਘਰ ਵਾਪਸ ਆ ਰਹੇ ਸਨ। ਇਸ ਦੌਰਾਨ ਸੜਕ ‘ਤੇ ਮਿੱਟੀ ਸੁੱਟ ਰਹੇ ਇੱਕ ਟਿੱਪਰ ਨੇ ਮੋੜ ਲੈਂਦੇ ਸਮੇਂ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਸੜਕ ਤੰਗ ਹੋਣ ਕਾਰਨ ਮੋਟਰਸਾਈਕਲ ਸਿੱਧਾ ਟਿੱਪਰ ਨਾਲ ਟਕਰਾ ਗਿਆ।
ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਨੌਜਵਾਨ ਟਿੱਪਰ ਦੇ ਹੇਠਾਂ ਆ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਨਾਲ ਦੇ ਦੋ ਹੋਰ ਨੌਜਵਾਨ ਗੰਭੀਰ ਤੌਰ ‘ਤੇ ਜਖ਼ਮੀ ਹੋ ਗਏ।
ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ। ਸਥਾਨਕ ਲੋਕਾਂ ਨੇ ਤੁਰੰਤ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਦੋਵੇਂ ਦਾ ਇਲਾਜ ਜਾਰੀ ਹੈ। ਦੂਜੇ ਪਾਸੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।
