ਸਿੰਗਾਪੁਰ: ਦੂਜੀ ਵਿਸ਼ਵ ਜੰਗ ਦੌਰਾਨ ਸਿੰਗਾਪੁਰ ਅਤੇ ਮਲਾਇਆ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋਏ ਸਿੱਖ ਫ਼ੌਜੀਆਂ ਦੀ ਯਾਦ ‘ਚ ਐਤਵਾਰ ਨੂੰ ਸਿੰਗਾਪੁਰ ਵਿਖੇ ਵਿਸ਼ੇਸ਼ ਯਾਦਗਾਰੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਸਿੰਗਾਪੁਰ ਦੇ ਇੱਕ ਮੰਤਰੀ ਸਮੇਤ ਭਾਰਤ ਅਤੇ ਹੋਰ ਛੇ ਰਾਸ਼ਟਰਮੰਡਲ ਦੇਸ਼ਾਂ ਦੇ ਹਾਈ ਕਮਿਸ਼ਨਰ ਸਿੱਖ ਭਾਈਚਾਰੇ ਨਾਲ ਸ਼ਾਮਲ ਹੋਏ।
ਕ੍ਰਾਂਜੀ ਵਾਰ ਮੈਮੋਰੀਅਲ ਵਿਖੇ ਹੋਈ ‘ਮੈਮੋਰੀਅਲ ਸਰਵਿਸ’ ਦੌਰਾਨ ਅਣਵੰਡੇ ਪੰਜਾਬ ਦੇ ਇਲਾਕਿਆਂ ਤੋਂ ਭਰਤੀ ਕੀਤੇ ਗਏ 3,318 ਸਿੱਖ ਫ਼ੌਜੀਆਂ ਦੀਆਂ ਕੁਰਬਾਨੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ, ਜਿਨ੍ਹਾਂ ਨੇ ਜਾਪਾਨੀ ਫੌਜਾਂ ਵਿਰੁੱਧ ਸਿੰਗਾਪੁਰ ਅਤੇ ਮਲਾਇਆ ਦੀ ਰੱਖਿਆ ਕਰਦਿਆਂ ਆਪਣੀਆਂ ਜਾਨਾਂ ਨਿਓਛਾਵਰ ਕੀਤੀਆਂ।
ਇਸ ਸਮਾਗਮ ਵਿੱਚ ਸੀਨੀਅਰ ਰਾਜ ਮੰਤਰੀ ਮੁਰਲੀ ਪਿੱਲਈ ਨੇ ਲਗਭਗ 400 ਭਾਈਚਾਰੇ ਦੇ ਮੈਂਬਰਾਂ ਅਤੇ ਨੇਤਾਵਾਂ ਨਾਲ ਭਾਗ ਲਿਆ। ਇਹ ਸਮਾਰੋਹ ਪੂਰਬੀ ਤੱਟ ‘ਤੇ ਤਤਕਾਲੀ ਪ੍ਰਵਾਸੀ ਸਿੱਖਾਂ ਵਲੋਂ ਸਥਾਪਤ ਗੁਰਦੁਆਰਾ ਸਾਹਿਬ ਦੇ 100 ਸਾਲ ਪੂਰੇ ਹੋਣ ਦੇ ਜਸ਼ਨਾਂ ਦਾ ਵੀ ਹਿੱਸਾ ਸੀ।
ਬਰਤਾਨੀਆ, ਆਸਟਰੇਲੀਆ, ਮਲੇਸ਼ੀਆ, ਭਾਰਤ, ਨਿਊਜ਼ੀਲੈਂਡ, ਕੈਨੇਡਾ ਅਤੇ ਪਾਕਿਸਤਾਨ ਦੇ ਹਾਈ ਕਮਿਸ਼ਨਰਾਂ ਨੇ ਕ੍ਰਾਂਜੀ ਵਾਰ ਮੈਮੋਰੀਅਲ ‘ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਹੀਦਾਂ ਨੂੰ ਨਮਨ ਕੀਤਾ। ਸਿੰਗਾਪੁਰ ਵਿੱਚ ਭਾਰਤੀ ਹਾਈ ਕਮਿਸ਼ਨਰ ਸ਼ਿਲਪਕ ਅੰਬੁਲੇ ਨੇ ਇਸ ਮੌਕੇ ਨੂੰ “ਬਹੁਤ ਹੀ ਯਾਦਗਾਰੀ ਅਤੇ ਮਹੱਤਵਪੂਰਨ” ਦੱਸਦਿਆਂ ਸਿੰਗਾਪੁਰ ਅਤੇ ਮਲਾਇਆ ਦੇ ਵਿਕਾਸ ਵਿੱਚ ਭਾਰਤੀ ਭਾਈਚਾਰੇ ਦੇ ਯੋਗਦਾਨ ਨੂੰ ਯਾਦ ਕੀਤਾ।
ਪ੍ਰਦੇਸ਼ ਖਾਲਸਾ ਧਰਮ ਦੀਵਾਨ (ਪੀ.ਕੇ.ਡੀ.ਡੀ.) ਦੇ ਸਕੱਤਰ ਰਵਿੰਦਰਪਾਲ ਸਿੰਘ ਨੇ ਕਿਹਾ ਕਿ ਦੂਜੀ ਵਿਸ਼ਵ ਜੰਗ ਦੌਰਾਨ ਸਿੱਖ ਫ਼ੌਜੀਆਂ ਦੀਆਂ ਕੁਰਬਾਨੀਆਂ ਸਿੱਖ ਅਤੇ ਵਿਸ਼ਵ ਇਤਿਹਾਸ ਦਾ ਅਟੱਲ ਅਧਿਆਇ ਹਨ। ਉਨ੍ਹਾਂ ਦੱਸਿਆ ਕਿ ਹਰ ਸਾਲ ਯਾਦਗਾਰੀ ਸੇਵਾ ਕੀਤੀ ਜਾਂਦੀ ਹੈ ਪਰ ਗੁਰਦੁਆਰਾ ਸਾਹਿਬ ਦੀ ਸ਼ਤਾਬਦੀ ਦੇ ਮੌਕੇ ‘ਤੇ ਇਸਨੂੰ ਵੱਡੇ ਪੱਧਰ ‘ਤੇ ਮਨਾਇਆ ਗਿਆ।
ਸ਼ਤਾਬਦੀ ਸਮਾਰੋਹਾਂ ਦੌਰਾਨ ਗੱਤਕਾ ਅਤੇ ਸਿੱਖ ਮਾਰਸ਼ਲ ਆਰਟ ਦੇ ਪ੍ਰਦਰਸ਼ਨ, ਸਿੱਖ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ, ਬੈਗ-ਪਾਈਪਰਾਂ ਅਤੇ ਢੋਲ ਵਜਾਉਣ ਵਾਲਿਆਂ ਦੀ ਪੇਸ਼ਕਾਰੀ ਕੀਤੀ ਗਈ। ਸ਼ਹੀਦ ਫ਼ੌਜੀਆਂ ਦੀ ਯਾਦ ਵਿੱਚ ‘ਲਾਸਟ ਪੋਸਟ’ ਦਾ ਬਿਗਲ ਵੀ ਵਜਾਇਆ ਗਿਆ।
ਸਿੰਗਾਪੁਰ ‘ਚ ਰਹਿੰਦੇ ਲਗਭਗ 13,000 ਸਿੱਖਾਂ ਅਤੇ ਸੱਤ ਗੁਰਦੁਆਰਿਆਂ ਦੀ ਤਰਫੋਂ ਬੋਲਦਿਆਂ ਰਵਿੰਦਰਪਾਲ ਸਿੰਘ ਨੇ ਕਿਹਾ ਕਿ ਸਿੱਖ ਭਾਈਚਾਰਾ ਲੰਗਰ ਰਾਹੀਂ ਜ਼ਰੂਰਤਮੰਦਾਂ ਲਈ ਸਮਾਜਕ ਅਤੇ ਸਵੈ-ਸੇਵੀ ਸੇਵਾ ਜਾਰੀ ਰੱਖੇਗਾ।







