ਮੋਹਾਲੀ;
ਮੋਹਾਲੀ ਦੇ ਇੱਕ ਮਾਲ ਵਿੱਚ ਕੰਮ ਕਰ ਰਹੀ ਇਕ ਇਮੀਗ੍ਰੇਸ਼ਨ ਕੰਪਨੀ ‘ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਗੰਭੀਰ ਦੋਸ਼ ਲੱਗੇ ਹਨ। ਸ਼ਿਕਾਇਤ ਮਿਲਣ ਤੋਂ ਬਾਅਦ ਫੇਜ਼-11 ਥਾਣਾ ਪੁਲਿਸ ਵੱਲੋਂ ਕੰਪਨੀ ਦੇ ਮਾਲਕ ਕਰਨਵੀਰ ਸਿੰਘ ਖ਼ਿਲਾਫ਼ ਧੋਖਾਧੜੀ ਅਤੇ ਇਮੀਗ੍ਰੇਸ਼ਨ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਕੇਸ ਦਰਜ ਹੋਣ ਤੋਂ ਬਾਅਦ ਆਰੋਪੀ ਫਰਾਰ ਰਿਹਾ ਅਤੇ ਪੁਲਿਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਇਸ ਦਰਮਿਆਨ ਆਰੋਪੀ ਨੇ ਅਦਾਲਤ ਤੋਂ ਜ਼ਮਾਨਤ ਵੀ ਹਾਸਲ ਕਰ ਲਈ।
ਸ਼ਿਕਾਇਤਕਰਤਾ ਰਫ਼ਤਾਰ ਸਿੰਘ ਨੇ ਦੱਸਿਆ ਕਿ ਕਰਨਵੀਰ ਸਿੰਘ, ਉਸ ਦੇ ਸਾਥੀ ਸਤਬੀਰ ਸਿੰਘ ਅਤੇ ਹੋਰਾਂ ਨੇ ਪਹਿਲਾਂ ਫੇਜ਼-3ਬੀ2 ਇਲਾਕੇ ਵਿੱਚ “ਰਿਚਮੰਡ ਇਮੀਗ੍ਰੇਸ਼ਨ” ਦੇ ਨਾਂਅ ਹੇਠ ਦਫ਼ਤਰ ਖੋਲ੍ਹਿਆ ਸੀ, ਜਿੱਥੋਂ ਦੋ ਤੋਂ ਤਿੰਨ ਕਰੋੜ ਰੁਪਏ ਦੀ ਠੱਗੀ ਕਰਨ ਤੋਂ ਬਾਅਦ ਦਫ਼ਤਰ ਬੰਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਮਾਲ ਦੀ ਸੱਤਵੀਂ ਮੰਜ਼ਿਲ ‘ਤੇ “ਸ਼ਾਈਨ ਵੀਜ਼ਾ” ਦੇ ਨਾਂਅ ਨਾਲ ਨਵਾਂ ਦਫ਼ਤਰ ਖੋਲ੍ਹਿਆ ਅਤੇ ਉਥੇ ਵੀ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਕਰਕੇ ਦਫ਼ਤਰ ਬੰਦ ਕਰ ਫਰਾਰ ਹੋ ਗਏ।
ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਹੁਣ ਮੁਲਜ਼ਮਾਂ ਵੱਲੋਂ ਮਾਲ ਦੀ ਨੌਵੀਂ ਮੰਜ਼ਿਲ ‘ਤੇ “ਅਲਵੇਜ਼ ਵੀਜ਼ਾ” ਦੇ ਨਾਂਅ ਹੇਠ ਇਕ ਹੋਰ ਦਫ਼ਤਰ ਖੋਲ੍ਹਿਆ ਗਿਆ ਹੈ।
ਇਸ ਸਬੰਧੀ ਫੇਜ਼-11 ਥਾਣੇ ਦੇ ਐਸਐਚਓ ਅਮਨ ਵੈਦਵਾਨ ਨੇ ਦੱਸਿਆ ਕਿ ਕਰਨਵੀਰ ਸਿੰਘ ਖ਼ਿਲਾਫ਼ ਪਹਿਲਾਂ ਵੀ ਇਮੀਗ੍ਰੇਸ਼ਨ ਧੋਖਾਧੜੀ ਦਾ ਕੇਸ ਦਰਜ ਹੈ ਅਤੇ ਲਗਭਗ ਇਕ ਹਫ਼ਤਾ ਪਹਿਲਾਂ ਉਸ ਦੇ ਖ਼ਿਲਾਫ਼ ਇਕ ਹੋਰ ਨਵਾਂ ਮਾਮਲਾ ਵੀ ਦਰਜ ਕੀਤਾ ਗਿਆ ਹੈ। ਆਰੋਪੀ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਉਸ ਦੇ ਨਾਮ ਦੇ ਨੋਟਿਸ ਜਾਰੀ ਕਰ ਦਿੱਤੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਮਾਲ ਵਿੱਚ ਚੱਲ ਰਹੇ “ਸ਼ਾਈਨ ਵੀਜ਼ਾ” ਦਫ਼ਤਰ ਨੂੰ ਪਹਿਲਾਂ ਹੀ ਬੰਦ ਕਰਵਾ ਦਿੱਤਾ ਗਿਆ ਸੀ। ਜੇਕਰ ਆਰੋਪੀ ਵੱਲੋਂ ਕਿਸੇ ਹੋਰ ਨਾਂਅ ਹੇਠ ਦਫ਼ਤਰ ਚਲਾਇਆ ਜਾ ਰਿਹਾ ਹੈ ਤਾਂ ਉਸ ਦੀ ਜਾਂਚ ਕਰਕੇ ਛਾਪੇਮਾਰੀ ਕੀਤੀ ਜਾਵੇਗੀ ਅਤੇ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।









