ਅੱਜ ਦਾ ਮਨੁੱਖ ਆਪਣੇ ਸਰੀਰ ਤੋਂ ਮਸ਼ੀਨ ਵਾਂਗ ਕੰਮ ਲੈ ਰਿਹਾ ਹੈ। ਪਦਾਰਥਵਾਦੀ ਯੁੱਗ ਵਿੱਚ ਪੈਸੇ ਅਤੇ ਸੁਖ-ਸਾਧਨਾਂ ਦੀ ਦੌੜ ਨੇ ਮਨੁੱਖ ਦੀ ਜ਼ਿੰਦਗੀ ਨੂੰ ਮੁਕਾਬਲੇ ਅਤੇ ਟੱਕਰਾਂ ਤੱਕ ਸੀਮਤ ਕਰ ਦਿੱਤਾ ਹੈ। ਇਸ ਦੌੜ ਵਿਚ ਮਨੁੱਖ ਦਾ ਦਿਮਾਗ ਪੈਸਾ ਕਮਾਉਣ ਅਤੇ ਪਦਾਰਥ ਇਕੱਠੇ ਕਰਨ ਦੀਆਂ ਤਰਕੀਬਾਂ ਬਣਾਉਂਦਾ ਹੋਇਆ ਘੜੀ ਦੀ ਸਕਿੰਟਾਂ ਵਾਲੀ ਸੂਈ ਵਾਂਗ ਤੇਜ਼ੀ ਨਾਲ ਦੌੜਦਾ ਰਹਿੰਦਾ ਹੈ। ਇਸ ਤੇਜ਼ ਰਫ਼ਤਾਰ ਸੋਚ ਕਾਰਨ ਮਨੁੱਖ ਆਪਣੀ ਸੰਭਾਲ ਕਰਨੀ ਹੀ ਭੁੱਲ ਗਿਆ ਹੈ।
ਅਜੋਕਾ ਮਨੁੱਖ ਆਪਣੀ ਖੁਰਾਕ, ਰੋਜ਼ਾਨਾ ਸਮਾਂ-ਸਾਰਣੀ, ਸਰੀਰਕ ਤੇ ਮਾਨਸਿਕ ਸਿਹਤ, ਸਮਾਜਿਕ ਵਰਤਾਰੇ ਅਤੇ ਆਪਣੀ ਮਾਨਸਿਕਤਾ ਵੱਲ ਧਿਆਨ ਨਹੀਂ ਦੇ ਰਿਹਾ। ਇਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਉਹ ਕਈ ਤਰ੍ਹਾਂ ਦੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਸਿਆਣਿਆਂ ਦੀ ਕਹਾਵਤ ਹੈ, “ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ,” ਅਰਥਾਤ ਉਹ ਕਮਾਈ ਕਿਸੇ ਕੰਮ ਦੀ ਨਹੀਂ ਜੋ ਸਿਹਤ ਖਰਾਬ ਕਰ ਦੇਵੇ।
ਮਾਹਿਰਾਂ ਅਨੁਸਾਰ ਹਰ ਵਿਅਕਤੀ ਨੂੰ ਆਪਣੇ ਕੰਮ-ਕਾਜ ਤੋਂ ਇਲਾਵਾ ਹੋਰ ਸਕਾਰਾਤਮਕ ਗਤੀਵਿਧੀਆਂ ਨਾਲ ਵੀ ਆਪਣੇ ਆਪ ਨੂੰ ਜੋੜਨਾ ਚਾਹੀਦਾ ਹੈ। ਜਿਹੜਾ ਮਨੁੱਖ ਆਪਣੇ ਦਿਨ ਨੂੰ ਵੱਖ-ਵੱਖ ਰੁਚਿਕਰ ਕਾਰਜਾਂ ਨਾਲ ਸੰਤੁਲਿਤ ਕਰ ਲੈਂਦਾ ਹੈ, ਉਸ ਦੇ ਮਨ ਵਿੱਚ ਭਟਕਾਵਾ ਪੈਦਾ ਨਹੀਂ ਹੁੰਦਾ ਅਤੇ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਉਸ ਤੋਂ ਦੂਰ ਰਹਿੰਦੀਆਂ ਹਨ। ਅਜਿਹੇ ਵਿਅਕਤੀ ਹਮੇਸ਼ਾ ਸਕਾਰਾਤਮਕ ਸੋਚ ਵਾਲੇ ਅਤੇ ਜਗਿਆਸੂ ਸੁਭਾਵ ਦੇ ਹੁੰਦੇ ਹਨ।
ਸਵੇਰੇ ਜਲਦੀ ਉੱਠ ਕੇ ਕੁਦਰਤ ਅਤੇ ਪਰਮਾਤਮਾ ਨਾਲ ਮਨ ਜੋੜਨ ਵਾਲਾ ਵਿਅਕਤੀ ਮਾਨਸਿਕ ਤੌਰ ’ਤੇ ਜ਼ਿਆਦਾ ਸੰਤੁਸ਼ਟ ਅਤੇ ਤੰਦਰੁਸਤ ਰਹਿੰਦਾ ਹੈ। ਇਸਦੇ ਉਲਟ ਜਿਹੜੇ ਲੋਕ ਦੇਰ ਨਾਲ ਉੱਠ ਕੇ ਹੜਬੜਾਹਟ ਵਿੱਚ ਦਿਨ ਦੀ ਸ਼ੁਰੂਆਤ ਕਰਦੇ ਹਨ, ਉਹ ਸਾਰਾ ਦਿਨ ਅਸ਼ਾਂਤ ਅਤੇ ਖਿਝੇ ਰਹਿੰਦੇ ਹਨ। ਇਹ ਸਵੈ-ਸੰਭਾਲ ਦਾ ਪਹਿਲਾ ਕਦਮ ਹੈ ਜੋ ਮਨੁੱਖ ਨੂੰ ਸਰਬਪੱਖੀ ਸ਼ਖ਼ਸੀਅਤ ਬਣਾਉਣ ਵਿੱਚ ਮਦਦ ਕਰਦਾ ਹੈ।
ਮਾਨਸਿਕ ਸਿਹਤ ਦਾ ਸਿੱਧਾ ਅਸਰ ਮਨੁੱਖ ਦੇ ਸਰੀਰ ’ਤੇ ਪੈਂਦਾ ਹੈ। ਖੁਸ਼ ਮਨ ਵਾਲੇ ਵਿਅਕਤੀ ਦਾ ਚਿਹਰਾ ਖਿੜਿਆ ਰਹਿੰਦਾ ਹੈ ਅਤੇ ਉਹ ਸਮਾਜ ਵਿੱਚ ਵੀ ਸਕਾਰਾਤਮਕ ਵਾਤਾਵਰਨ ਬਣਾਉਂਦਾ ਹੈ। ਇਸਦੇ ਨਾਲ ਹੀ ਖਾਣ-ਪੀਣ ਦੀਆਂ ਆਦਤਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਸਮੇਂ ਸਿਰ ਘਰ ਦਾ ਸਾਫ਼-ਸੁਥਰਾ ਖਾਣਾ ਨਾ ਖਾਣਾ ਅਤੇ ਬਜ਼ਾਰੀ ਖਾਣੇ ’ਤੇ ਨਿਰਭਰ ਰਹਿਣਾ ਸਿਹਤ ਲਈ ਹਾਨੀਕਾਰਕ ਸਾਬਤ ਹੋ ਰਿਹਾ ਹੈ। ਸਮੇਂ-ਸਮੇਂ ’ਤੇ ਸਰੀਰਕ ਜਾਂਚ ਕਰਵਾਉਣਾ ਵੀ ਜ਼ਰੂਰੀ ਹੈ।
ਭੱਜ-ਦੌੜ ਭਰੀ ਜ਼ਿੰਦਗੀ ਵਿੱਚੋਂ ਕੁਝ ਪਲ ਆਪਣੇ ਲਈ ਕੱਢਣਾ, ਪਰਿਵਾਰ ਜਾਂ ਦੋਸਤਾਂ ਨਾਲ ਸਮਾਂ ਬਿਤਾਉਣਾ, ਘੁੰਮਣ-ਫਿਰਣ ਜਾਂ ਮਨੋਰੰਜਨ ਵਾਲੀਆਂ ਛੋਟੀਆਂ ਗਤੀਵਿਧੀਆਂ ਕਰਨਾ ਵੀ ਸਵੈ-ਸੰਭਾਲ ਦਾ ਮਹੱਤਵਪੂਰਨ ਹਿੱਸਾ ਹੈ। ਅੰਦਰੋਂ ਖੁਸ਼ ਵਿਅਕਤੀ ਨਾ ਸਿਰਫ਼ ਤੰਦਰੁਸਤ ਰਹਿੰਦਾ ਹੈ, ਸਗੋਂ ਪਰਿਵਾਰ ਅਤੇ ਸਮਾਜ ਲਈ ਵੀ ਪ੍ਰੇਰਣਾ ਬਣਦਾ ਹੈ। ਪਰਿਵਾਰ ਦੇ ਹਰ ਮੈਂਬਰ ਨੂੰ ਸਮਾਂ ਦੇ ਕੇ ਮਿਲਣ ਵਾਲੀ ਖੁਸ਼ੀ ਦਾ ਕੋਈ ਮੁਕਾਬਲਾ ਨਹੀਂ, ਅਤੇ ਇਹੀ ਸਿਹਤਮੰਦ ਤੇ ਸੰਤੁਲਿਤ ਜੀਵਨ ਦੀ ਅਸਲ ਕੁੰਜੀ ਹੈ।









