ਜਲੰਧਰ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਦਮਪੁਰ ਹਵਾਈ ਅੱਡੇ ‘ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਆਦਮਪੁਰ ਏਅਰਪੋਰਟ ਦਾ ਨਾਮ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਮ ‘ਤੇ ਰੱਖਣ ਦਾ ਐਲਾਨ ਕੀਤਾ ਅਤੇ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਦਾ ਉਦਘਾਟਨ ਵੀ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਹੈਲੀਕਾਪਟਰ ਰਾਹੀਂ ਜਲੰਧਰ ਦੇ ਸੱਚਖੰਡ ਡੇਰਾ ਬੱਲਾਂ ਲਈ ਰਵਾਨਾ ਹੋਣਗੇ।
ਪ੍ਰਧਾਨ ਮੰਤਰੀ ਸ਼ਾਮ ਕਰੀਬ 4:00 ਵਜੇ ਸੱਚਖੰਡ ਡੇਰਾ ਬੱਲਾਂ ਪਹੁੰਚਣਗੇ। ਉਨ੍ਹਾਂ ਦੇ ਸਵਾਗਤ ਲਈ ਡੇਰੇ ਦੇ ਅੰਦਰ ਇੱਕ ਸਾਦੀ ਸਟੇਜ ਤਿਆਰ ਕੀਤੀ ਗਈ ਹੈ, ਜਿੱਥੇ ਸਿਰਫ਼ ਦੋ ਕੁਰਸੀਆਂ ਰੱਖੀਆਂ ਗਈਆਂ ਹਨ—ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਅਤੇ ਦੂਜੀ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਜੀ ਲਈ।
ਭਾਜਪਾ ਸੂਤਰਾਂ ਅਨੁਸਾਰ, ਪ੍ਰਧਾਨ ਮੰਤਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਮੌਕੇ ਡੇਰਾ ਬੱਲਾਂ ਵਿੱਚ ਕੇਵਲ ਨਮਨ ਕਰਨ ਲਈ ਆ ਰਹੇ ਹਨ ਅਤੇ ਇਹ ਦੌਰਾ ਕਿਸੇ ਰਾਜਨੀਤਿਕ ਸਮਾਗਮ ਦਾ ਹਿੱਸਾ ਨਹੀਂ ਹੈ। ਹਾਲਾਂਕਿ, ਦੋਆਬਾ ਖੇਤਰ ਦੀ ਰਾਜਨੀਤੀ ਵਿੱਚ ਅਹਿਮ ਮੰਨੇ ਜਾਂਦੇ ਡੇਰਾ ਬੱਲਾਂ ਵਿੱਚ ਪ੍ਰਧਾਨ ਮੰਤਰੀ ਦੀ ਹਾਜ਼ਰੀ ਨੂੰ ਰਾਜਨੀਤਿਕ ਨਜ਼ਰੀਏ ਨਾਲ ਵੀ ਦੇਖਿਆ ਜਾ ਰਿਹਾ ਹੈ, ਜਿਸ ਕਾਰਨ ਇਹ ਦੌਰਾ ਖਾਸ ਮਹੱਤਵ ਰੱਖਦਾ ਹੈ।
