ਬਠਿੰਡਾ/ਮੌੜ ਮੰਡੀ: 77ਵੇਂ ਗਣਤੰਤਰ ਦਿਵਸ ਮੌਕੇ ਬਠਿੰਡਾ ਦੇ ਹਲਕਾ ਮੌੜ ਵਿੱਚ ਕਰਵਾਏ ਗਏ ਸਰਕਾਰੀ ਸਮਾਗਮ ਦੌਰਾਨ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਅਤੇ ਨਗਰ ਕੌਂਸਲ ਪ੍ਰਧਾਨ ਕਰਨੈਲ ਸਿੰਘ ਵਿਚਕਾਰ ਸ਼ਰੇਆਮ ਹੱਥੋਪਾਈ ਹੋ ਗਈ। ਦੇਸ਼ ਦੇ ਸੰਵਿਧਾਨਕ ਦਿਵਸ ‘ਤੇ ਵਾਪਰੀ ਇਸ ਘਟਨਾ ਨੇ ਸਿਆਸੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ।
ਸਟੇਜ ‘ਤੇ ਬੈਠਣ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ
ਜਾਣਕਾਰੀ ਅਨੁਸਾਰ ਵਿਵਾਦ ਦੀ ਸ਼ੁਰੂਆਤ ਸਮਾਗਮ ਦੌਰਾਨ ਸਟੇਜ ‘ਤੇ ਬੈਠਣ ਦੀ ਜਗ੍ਹਾ ਨੂੰ ਲੈ ਕੇ ਹੋਈ। ਦੋਵਾਂ ਆਗੂਆਂ ਵਿਚਕਾਰ ਤਕਰਾਰ ਇੰਨੀ ਵੱਧ ਗਈ ਕਿ ਗੱਲ ਗਾਲੀ-ਗਲੋਚ ਤੋਂ ਹੁੰਦੀ ਹੋਈ ਹੱਥੋਪਾਈ ਤੱਕ ਜਾ ਪਹੁੰਚੀ। ਮੌਕੇ ‘ਤੇ ਮੌਜੂਦ ਲੋਕਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵਿਚ-ਬਚਾਅ ਕਰਨ ਦੀ ਕੋਸ਼ਿਸ਼ ਕੀਤੀ।
ਪ੍ਰਧਾਨ ਨੇ ਲਾਏ ਗੰਭੀਰ ਭ੍ਰਿਸ਼ਟਾਚਾਰ ਦੇ ਇਲਜ਼ਾਮ
ਹੱਥੋਪਾਈ ਤੋਂ ਬਾਅਦ ਨਗਰ ਕੌਂਸਲ ਪ੍ਰਧਾਨ ਕਰਨੈਲ ਸਿੰਘ ਨੇ ਵਿਧਾਇਕ ਮਾਈਸਰਖਾਨਾ ‘ਤੇ ਧਮਾਕੇਦਾਰ ਇਲਜ਼ਾਮ ਲਾਉਂਦਿਆਂ ਕਿਹਾ ਕਿ ਵਿਧਾਇਕ ਨੇ ਉਨ੍ਹਾਂ ਨੂੰ ਪ੍ਰਧਾਨ ਬਣਾਉਣ ਦੇ ਬਦਲੇ 30 ਲੱਖ ਰੁਪਏ ਲਏ ਸਨ। ਇਸ ਖ਼ੁਲਾਸੇ ਤੋਂ ਬਾਅਦ ਸਮਾਗਮ ਵਿੱਚ ਹਾਜ਼ਰ ਲੋਕ ਦੰਗ ਰਹਿ ਗਏ।
ਪ੍ਰਸ਼ਾਸਨ ਨੇ ਸੰਭਾਲੀ ਸਥਿਤੀ
ਘਟਨਾ ਦੀ ਸੂਚਨਾ ਮਿਲਦੇ ਹੀ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗਣਤੰਤਰ ਦਿਵਸ ਵਰਗੇ ਪਵਿੱਤਰ ਦਿਹਾੜੇ ‘ਤੇ ਸੱਤਾਧਾਰੀ ਪਾਰਟੀ ਦੇ ਹੀ ਦੋ ਆਗੂਆਂ ਦਾ ਆਪਸ ਵਿੱਚ ਭਿੜਨਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
