ਸਾਹਿਬਜ਼ਾਦਾ ਅਜੀਤ ਸਿੰਘ ਨਗਰ, 16 ਜਨਵਰੀ 2026: ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਮੋਹਾਲੀ ਦੇ ਕਾਲਕਟ ਭਵਨ ਤੋਂ ਰਾਜ ਸਰਕਾਰ ਦੀ ਮੁਹਿੰਮ ‘ਸਾਡੇ ਬਜ਼ੁਰਗ, ਸਾਡਾ ਮਾਣ’ ਦੇ ਦੂਜੇ ਗੇੜ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਬਜ਼ੁਰਗਾਂ ਨੂੰ ਸੁਰੱਖਿਆ, ਸਵੈਮਾਣ ਅਤੇ ਸਮਾਜਿਕ ਸੰਭਾਲ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਉਨ੍ਹਾਂ ਦੱਸਿਆ ਕਿ ਦੂਜੇ ਗੇੜ ਲਈ 786 ਲੱਖ ਰੁਪਏ ਦੀ ਰਕਮ ਜ਼ਿਲ੍ਹਾ ਪੱਧਰੀ ਕੈਂਪਾਂ ਲਈ ਮਨਜ਼ੂਰ ਕੀਤੀ ਗਈ ਹੈ, ਜਿਸਦਾ ਉਦੇਸ਼ ਬਜ਼ੁਰਗਾਂ ਨੂੰ ਘਰ ਦੇ ਨੇੜੇ ਸਿਹਤ, ਭਲਾਈ ਅਤੇ ਸਮਾਜਿਕ ਸੇਵਾਵਾਂ ਦੇਣਾ ਹੈ। ਕੈਂਪ 2 ਤੋਂ 18 ਫਰਵਰੀ ਤੱਕ ਸਾਰੇ ਬਾਕੀ ਜ਼ਿਲ੍ਹਿਆਂ ਵਿੱਚ ਲੱਗਣਗੇ।
ਇਨ੍ਹਾਂ ਕੈਂਪਾਂ ਵਿੱਚ ਅੱਖਾਂ ਦੀ ਜਾਂਚ, ਮੋਤੀਆਬਿੰਦ, ਕੰਨ-ਨੱਕ-ਗਲੇ ਅਤੇ ਹੱਡੀਆਂ ਦੇ ਮਾਹਿਰ ਡਾਕਟਰਾਂ ਦੀ ਸੇਵਾ, ਗੈਰ-ਸੰਚਾਰੀ ਬਿਮਾਰੀਆਂ ਅਤੇ ਡਿਮੈਂਸ਼ੀਆ ਦੀ ਸਕ੍ਰੀਨਿੰਗ, ਹੋਮਿਓਪੈਥੀ ਅਤੇ ਆਯੁਰਵੇਦਿਕ ਇਲਾਜ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਨਾਲ ਹੀ ਸਮਾਜਿਕ ਸੁਰੱਖਿਆ ਪੈਨਸ਼ਨਾਂ ਲਈ ਅਰਜ਼ੀਆਂ, ਸੀਨੀਅਰ ਸਿਟੀਜ਼ਨ ਕਾਰਡ ਅਤੇ ਐਲਿਮਕੋ ਕਾਰਡ ਵੀ ਜਾਰੀ ਕੀਤੇ ਜਾ ਰਹੇ ਹਨ।
ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ 23.33 ਲੱਖ ਤੋਂ ਵੱਧ ਬਜ਼ੁਰਗ ਮਹੀਨਾਵਾਰ ਪੈਨਸ਼ਨ ਦਾ ਲਾਭ ਲੈ ਰਹੇ ਹਨ ਅਤੇ 2025-26 ਦੇ ਬਜਟ ਵਿੱਚ ਪੈਨਸ਼ਨ ਯੋਜਨਾਵਾਂ ਲਈ 4,100 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।
ਮੁਹਿੰਮ ਦੇ ਦੌਰਾਨ, ਬਜ਼ੁਰਗਾਂ ਲਈ ਸਤਿਕਾਰ ਅਤੇ ਸਮਾਜਿਕ ਸੰਭਾਲ ਦਾ ਸੁਨੇਹਾ ਪੇਸ਼ ਕਰਨ ਲਈ ਨੁੱਕੜ ਨਾਟਕ, ਮਲਵਈ ਗਿੱਧਾ ਅਤੇ ਪੋਰਟ੍ਰੇਟ ਉਦਘਾਟਨ ਸਮੇਤ ਕਈ ਸਭਿਆਚਾਰਕ ਪ੍ਰਦਰਸ਼ਨ ਵੀ ਕੀਤੇ ਗਏ।







