ਚੰਡੀਗੜ੍ਹ, 14 ਜਨਵਰੀ 2026 — ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਤੋਂ ਵਹਿ ਰਹੀਆਂ ਠੰਢੀਆਂ ਹਵਾਵਾਂ ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਠੰਢ ਨੇ ਹੋਰ ਤੇਜ਼ੀ ਫੜ ਲਈ ਹੈ। ਮੰਗਲਵਾਰ ਨੂੰ ਨਵਾਂਸ਼ਹਿਰ ਵਿੱਚ ਇਸ ਸੀਜ਼ਨ ਦਾ ਪਹਿਲਾ ਜ਼ੀਰੋ ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜਿਸ ਨਾਲ ਸੂਬੇ ਭਰ ਵਿੱਚ ਕੜਾਕੇ ਦੀ ਠੰਢ ਪੈ ਗਈ ਹੈ।
ਮੌਸਮ ਵਿਭਾਗ ਮੁਤਾਬਕ ਘੱਟੋ-ਘੱਟ ਤਾਪਮਾਨ ਆਮ ਨਾਲੋਂ 2.5 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 6.3 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਹੈ। ਇਸ ਕਾਰਨ ਬੁੱਧਵਾਰ ਲਈ ਧੁੰਦ ਅਤੇ ਠੰਢੀ ਲਹਿਰ ਨੂੰ ਲੈ ਕੇ ਸੰਤਰੀ ਚੇਤਾਵਨੀ (Orange Alert) ਜਾਰੀ ਕੀਤੀ ਗਈ ਹੈ, ਜੋ ਅਗਲੇ ਕੁਝ ਦਿਨਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਅਨੁਸਾਰ ਅੱਜ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਅਤੇ ਲੁਧਿਆਣਾ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ ਵਿੱਚ ਠੰਢ ਤੋਂ ਲੈ ਕੇ ਗੰਭੀਰ ਸੀਤ ਲਹਿਰ ਦੀ ਸਥਿਤੀ ਬਣ ਸਕਦੀ ਹੈ।
ਇਸ ਤੋਂ ਇਲਾਵਾ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸਏਐਸ ਨਗਰ (ਮੁਹਾਲੀ) ਅਤੇ ਮਲੇਰਕੋਟਲਾ ਵਿੱਚ ਕੁਝ ਥਾਵਾਂ ’ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ ਅਤੇ ਮਾਨਸਾ ਵਿੱਚ ਕੁਝ ਇਲਾਕਿਆਂ ਵਿੱਚ ਸੀਤ ਲਹਿਰ ਦੀ ਸਥਿਤੀ ਰਹਿ ਸਕਦੀ ਹੈ।
ਹਾਲਾਂਕਿ ਅਗਲੇ ਕੁਝ ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ, ਪਰ 18 ਅਤੇ 19 ਜਨਵਰੀ ਨੂੰ ਸੂਬੇ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਧੁੰਦ ਦੇ ਮੱਦੇਨਜ਼ਰ ਯਾਤਰਾ ਦੌਰਾਨ ਵਾਧੂ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।
