ਪਿਛਲੀਆਂ ਨਗਰ ਨਿਗਮ ਚੋਣਾਂ ਦੌਰਾਨ 25 ਅਤੇ 13 ਵੋਟਾਂ ਦੇ ਘੱਟ ਅੰਤਰ ਨਾਲ ਜਿੱਤ ਹਾਸਲ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਅੱਜ ਬਠਿੰਡਾ ਵਿੱਚ ਕਈ ਸਿਆਸੀ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਹੈਰਾਨੀ ਦੀ ਗੱਲ ਇਹ ਰਹੀ ਕਿ ਬਾਅਦ ਵਿੱਚ ਕਾਂਗਰਸ ਦੀ ਮੇਅਰ ਨੂੰ ਹਟਾਉਣ ਦੇ ਮਾਮਲੇ ਵਿੱਚ ਭੂਮਿਕਾ ਨਿਭਾਉਣ ਵਾਲੇ ਚਾਰ ਕੌਂਸਲਰਾਂ ਨੂੰ ਅਕਾਲੀ ਦਲ ਵੱਲੋਂ ਪਾਰਟੀ ’ਚੋਂ ਕੱਢ ਦਿੱਤਾ ਗਿਆ ਸੀ। ਇਨ੍ਹਾਂ ਵਿੱਚੋਂ ਕੌਂਸਲਰ ਮੱਖਣ ਸਿੰਘ ਨੇ ਘਰ ਵਾਪਸੀ ਕਰ ਲਈ, ਜਦਕਿ ਬਾਕੀ ਤਿੰਨ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।
ਰਾਹਤ ਦੀ ਗੱਲ ਇਹ ਰਹੀ ਕਿ 2021 ਦੀਆਂ ਚੋਣਾਂ ਵਿੱਚ ਬਹੁਤੇ ਵਾਰਡਾਂ ’ਚ ਅਕਾਲੀ ਦਲ ਦੂਜੇ ਸਥਾਨ ’ਤੇ ਰਿਹਾ, ਪਰ ਵੋਟਾਂ ਦਾ ਅੰਤਰ ਕਾਫ਼ੀ ਵੱਡਾ ਸੀ। ਹਾਲਾਂਕਿ ਲੋਕ ਸਭਾ ਅਤੇ ਸਥਾਨਕ ਚੋਣਾਂ ਦੀ ਤਾਸੀਰ ਵੱਖਰੀ ਹੁੰਦੀ ਹੈ, ਪਰ 2024 ਦੀਆਂ ਸੰਸਦੀ ਚੋਣਾਂ ਦੌਰਾਨ ਅਕਾਲੀ ਦਲ ਬਠਿੰਡਾ ਵਿੱਚ ਕੋਈ ਖ਼ਾਸ ਪ੍ਰਭਾਵ ਨਹੀਂ ਛੱਡ ਸਕਿਆ।
ਸਾਲ 2019 ਵਿੱਚ, ਕਾਂਗਰਸ ਦੀ ਚੜ੍ਹਤ ਦੇ ਬਾਵਜੂਦ ਅਕਾਲੀ ਦਲ ਨੇ ਬਠਿੰਡਾ ਤੋਂ ਕਰੀਬ ਪੰਜ ਹਜ਼ਾਰ ਵੋਟਾਂ ਦੀ ਲੀਡ ਹਾਸਲ ਕੀਤੀ ਸੀ, ਪਰ 2024 ਵਿੱਚ ਇਹ ਲੀਡ ਸਿਰਫ਼ 518 ਵੋਟਾਂ ਤੱਕ ਹੀ ਸੀਮਿਤ ਰਹਿ ਗਈ। ਇਸਦੇ ਉਲਟ, ਅਕਾਲੀ ਦਲ ਦੀ ਸਾਬਕਾ ਭਾਈਵਾਲ ਭਾਜਪਾ, ਜੋ 2021 ਵਿੱਚ ਪੂਰੀ ਤਰ੍ਹਾਂ ਹਾਰ ਗਈ ਸੀ, 2024 ਵਿੱਚ 36 ਹਜ਼ਾਰ 287 ਵੋਟਾਂ ਨਾਲ ਪਹਿਲੇ ਸਥਾਨ ’ਤੇ ਰਹੀ।
ਇਨ੍ਹਾਂ ਅੰਕੜਿਆਂ ਦੇ ਆਧਾਰ ’ਤੇ ਭਾਜਪਾ ਹੁਣ ਆਪਣੇ ਦਮ-ਖਮ ਨਾਲ ਬਠਿੰਡਾ ਨਿਗਮ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ, ਜੋ ਅਕਾਲੀ ਦਲ ਲਈ ਇੱਕ ਹੋਰ ਵੱਡੀ ਚੁਣੌਤੀ ਮੰਨੀ ਜਾ ਰਹੀ ਹੈ। ਭਾਜਪਾ ਹਾਈਕਮਾਂਡ ਵੱਲੋਂ ਬਠਿੰਡਾ ਨਿਗਮ ਚੋਣਾਂ ਲਈ ਕਨਵੀਨਰਾਂ ਦੀ ਨਿਯੁਕਤੀ ਕਰਕੇ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਇਹ ਚੋਣ ਪਾਰਟੀ ਲਈ ਕਿੰਨੀ ਅਹਿਮ ਹੈ।
ਇਨ੍ਹਾਂ ਸਾਰੀਆਂ ਸਥਿਤੀਆਂ ਦਰਮਿਆਨ ਅਕਾਲੀ ਦਲ ਲਈ ਬਠਿੰਡਾ ਨਿਗਮ ਦੀ ਰਾਹ ਕਾਫ਼ੀ ਕਠਿਨ ਦਿੱਖ ਰਹੀ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅਸਲ ਸੰਕਟ ਟਕਸਾਲੀ ਅਤੇ ਦਲਬਦਲੂ ਲੀਡਰਸ਼ਿਪ ਦਾ ਹੈ, ਜਿਸ ਕਾਰਨ ਅਕਾਲੀ ਵਰਕਰਾਂ ਵਿੱਚ ਭੰਬਲਭੂਸਾ ਬਣਿਆ ਹੋਇਆ ਹੈ। ਮਾਹਿਰ ਇਹ ਵੀ ਕਹਿੰਦੇ ਹਨ ਕਿ ਜੇਕਰ ਅਕਾਲੀ-ਭਾਜਪਾ ਗਠਜੋੜ ਮੁੜ ਬਣ ਜਾਂਦਾ ਹੈ ਤਾਂ ਨਾ ਸਿਰਫ਼ ਬਠਿੰਡਾ, ਸਗੋਂ ਪੰਜਾਬ ਦੀ ਸੱਤਾ ਦਾ ਰਾਹ ਵੀ ਦੋਵਾਂ ਧਿਰਾਂ ਲਈ ਸੌਖਾ ਹੋ ਸਕਦਾ ਹੈ।
ਹਾਲਾਂਕਿ ਮੌਜੂਦਾ ਸਮੇਂ ਭਾਜਪਾ ਦਾ ਰੁਖ ਦੇਖਦਿਆਂ ਸਿਆਸੀ ਬੇੜੀ ਕਿਸੇ ਤਣ-ਪੱਤਣ ਲੱਗਦੀ ਨਹੀਂ ਦਿਸ ਰਹੀ, ਪਰ ਰਾਜਨੀਤੀ ਵਿੱਚ ਕਦੋਂ ਕੀ ਹੋ ਜਾਏ, ਕੁਝ ਵੀ ਅਸੰਭਵ ਨਹੀਂ—ਖ਼ਾਸ ਕਰਕੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੋ ਵਾਰ ਸੱਤਾ ਦਾ ਸੁਆਦ ਚੱਖ ਚੁੱਕਿਆ ਹੈ।
