ਕਾਂਗਰਸ ਨੇ ਜਿਵੇਂ ਦਹਿਸ਼ਤਗਰਦੀ ਖਤਮ ਕੀਤੀ, ਉਸੇ ਤਰ੍ਹਾਂ ਗੈਂਗਸਟਰਾਂ ਦਾ ਵੀ ਸਫ਼ਾਇਆ ਕਰੇਗੀ-ਮੋਹਿਤ ਮਹਿੰਦਰਾ
ਪਟਿਆਲਾ 11 ਜਨਵਰੀ (ਛਤਰਪਾਲ ਸਿੰਘ ) – ਪੰਜਾਬ ਵਿੱਚ ‘ਮਨਰੇਗਾ ਬਚਾਓ ਸੰਗਰਾਮ’ ਨੂੰ ਵੱਡਾ ਸਮਰਥਨ ਮਿਲ ਰਿਹਾ ਹੈ। ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਈਆਂ ਕਾਂਗਰਸ ਦੀਆਂ ਰੈਲੀਆਂ ਵਿੱਚ ਮਨਰੇਗਾ ਮਜ਼ਦੂਰਾਂ ਸਮੇਤ ਹਜ਼ਾਰਾਂ ਲੋਕਾਂ ਨੇ ਭਾਗ ਲਿਆ। ਇਹ ਪ੍ਰਗਟਾਵਾ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਵੱਲੋਂ ਆਪਣੇ ਗ੍ਰਹਿ ਵਿਖੇ ਇੱਕ ਮੀਟਿੰਗ ਦੌਰਾਨ ਕੀਤਾ ਗਿਆ
ਉਹਨਾਂ ਨੇ ਕਿਹਾ ਕਿ ਪਾਰਟੀ ਆਗੂਆਂ ਨੇ ਕਾਂਗਰਸ ਵਿੱਚ ਪੂਰੀ ਤਰ੍ਹਾਂ ਨਾਲ ਏਕਤਾ ਬਣਾਈ ਹੋਈ ਹੈ ਤੇ ਦੋਹਰਾਇਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਵੇਂ ਕੋਈ ਵੀ ਮੁੱਖ ਮੰਤਰੀ ਬਣੇ, ਕਾਂਗਰਸ ਪਾਰਟੀ ਲੋਕਾਂ ਦੀ ਸੇਵਾ ਲਈ ਪੂਰੀ ਤਰ੍ਹਾਂ ਵਚਨਬੱਧ ਰਹੇਗੀ।
– 2027 ਤੋਂ ਬਾਅਦ ਪੰਜਾਬ ਵਿੱਚ ਕਾਂਗਰਸ ਸਰਕਾਰ ਮਨਰੇਗਾ ਲਈ ਵਿਸ਼ੇਸ਼ ਪ੍ਰਬੰਧ ਕਰੇਗੀ: ਭੂਪੇਸ਼ ਬਘੇਲ
ਇਸ ਮੌਕੇ ਸੰਬੋਧਨ ਕਰਦਿਆਂ ਮੋਹਿਤ ਮਹਿੰਦਰਾ ਨੇ ਦੱਸਿਆ ਕਿ, ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਦੇ ਇੰਚਾਰਜ ਕਾਂਗਰਸ ਜਨਰਲ ਸਕੱਤਰ ਭੂਪੇਸ਼ ਬਘੇਲ ਨੇ ਐਲਾਨ ਕੀਤਾ ਕਿ 2027 ਵਿੱਚ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ਉਪਰੰਤ ਮਨਰੇਗਾ ਨੂੰ ਮੁੜ ਤੋਂ ਬਹਾਲ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ 2029 ਤੱਕ ਭਾਜਪਾ ਸਰਕਾਰ ਮਨਰੇਗਾ ਨੂੰ ਬਹਾਲ ਨਹੀਂ ਕਰਦੀ, ਤਾਂ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੇਂਦਰ ਵਿੱਚ ਬਣਨ ਵਾਲੀ ਕਾਂਗਰਸ ਸਰਕਾਰ ਇਸਨੂੰ ਮੁੜ ਲਾਗੂ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਗਰੀਬਾਂ ਅਤੇ ਦਬੇ-ਕੁਚਲੇ ਵਰਗਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਦੋਸ਼ ਲਗਾਇਆ ਕਿ ਉਹ ਸਿਰਫ਼ ਅਡਾਨੀ ਅਤੇ ਅੰਬਾਨੀ ਵਰਗੇ ਆਪਣੇ ਕੁਝ ਚੁਣਿੰਦਾ ਦੋਸਤਾਂ ਲਈ ਹੀ ਕੰਮ ਕਰ ਰਹੀ ਹੈ।
ਮੋਹਿਤ ਮਹਿੰਦਰਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਭਾਜਪਾ ਸਰਕਾਰ ਦੀ ਅਸਲ ਨੀਅਤ ਮਨਰੇਗਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਹੈ ਅਤੇ ਇਸਦੀ ਥਾਂ ਲਿਆਇਆ ਗਿਆ ਨਵਾਂ ਕਾਨੂੰਨ ਸਿਰਫ਼ ਗਰੀਬਾਂ ਅਤੇ ਹਾਸ਼ੀਏ ’ਤੇ ਧੱਕੇ ਗਏ ਵਰਗਾਂ ਨੂੰ ਧੋਖਾ ਦੇਣ ਲਈ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਪਹਿਲਾਂ ਮਨਰੇਗਾ ਦੇ ਫੰਡਾਂ ਦਾ ਫੈਸਲਾ ਪਿੰਡਾਂ ਅਤੇ ਪੰਚਾਇਤਾਂ ਵਿੱਚ ਹੁੰਦਾ ਸੀ, ਪਰ ਹੁਣ ਇਹ ਫੈਸਲੇ ਦਿੱਲੀ ਵਿੱਚ ਕੀਤੇ ਜਾਣਗੇ। ਇੱਕ ਹੱਕ ਤੇ ਅਧਾਰਿਤ ਕਾਨੂੰਨ ਨੂੰ ਦਾਨਦਾਰੀ ਵਿੱਚ ਬਦਲ ਦਿੱਤਾ ਗਿਆ ਹੈ।
ਮੋਹਿਤ ਮਹਿੰਦਰਾ ਨੇ ਦੱਸਿਆ ਕਿ ਭਾਜਪਾ ਅਤੇ ਆਪ ਇੱਕੋ ਸਿੱਕੇ ਦੇ ਦੋ ਪਾਸੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਜਿੱਥੇ ਮਨਰੇਗਾ ਨੂੰ ਖਤਮ ਕਰ ਦਿੱਤਾ ਹੈ, ਉੱਥੇ ਹੀ ਆਪ ਸਰਕਾਰ ਪਹਿਲਾਂ ਤੋਂ ਇਸਨੂੰ ਲਾਗੂ ਕਰਨ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਲੁਧਿਆਣਾ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਮਨਰੇਗਾ ਅਧੀਨ ਦਰਜ 1.21 ਲੱਖ ਪਰਿਵਾਰਾਂ ਵਿੱਚੋਂ ਸਿਰਫ਼ 12 ਪਰਿਵਾਰਾਂ ਨੂੰ ਹੀ 100 ਦਿਨਾਂ ਦਾ ਕੰਮ ਮਿਲਿਆ ਸੀ।ਸੂਬਾ ਕਾਂਗਰਸ ਪ੍ਰਧਾਨ ਨੇ ਕਾਂਗਰਸ ਵਿੱਚ ਫੁਟ ਹੋਣ ਸਬੰਧੀ ਦਾਅਵਿਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਅਤੇ ਕਿਹਾ ਕਿ ਵਿਰੋਧੀ ਧਿਰਾਂ ਕੋਲ ਕਾਂਗਰਸ ਖ਼ਿਲਾਫ਼ ਕੋਈ ਮੁੱਦਾ ਨਹੀਂ ਹੈ, ਇਸ ਲਈ ਉਹ ਅਫਵਾਹਾਂ ਫੈਲਾ ਰਹੀਆਂ ਹਨ।
ਇਸ ਮੌਕੇ ਮਹਿੰਦਰਾ ਨੇ ਦੱਸਿਆ ਕਿ ਰੈਲੀ ਦੌਰਾਨ ਵੜਿੰਗ ਨੇ ਸਾਫ਼ ਕੀਤਾ ਕਿ ਉਹ ਖੁਦ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਨਹੀਂ ਹਨ ਅਤੇ ਨਾ ਹੀ ਕਿਸੇ ਹੋਰ ਆਗੂ ਨੇ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਾਡਾ ਮਕਸਦ ਸਿਰਫ਼ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾ ਕੇ ਪਿਛਲੇ ਚਾਰ ਸਾਲਾਂ ਤੋਂ ਸੂਬੇ ਨੂੰ ਲੁੱਟ ਰਹੇ ਲੋਕਾਂ ਤੋਂ ਛੁਟਕਾਰਾ ਦਿਵਾਉਣਾ ਹੈ।ਵੜਿੰਗ ਨੇ ਵੱਡੀ ਗਿਣਤੀ ਵਿੱਚ ਪਹੁੰਚੀਆਂ ਮਹਿਲਾਵਾਂ ਨੂੰ ਯਾਦ ਦਿਵਾਇਆ ਕਿ ਕਾਂਗਰਸ ਸਰਕਾਰ ਨੇ ਉਨ੍ਹਾਂ ਲਈ ਮੁਫ਼ਤ ਬੱਸ ਯਾਤਰਾ ਦੀ ਸਹੂਲਤ ਦਿੱਤੀ ਸੀ, ਲੇਕਿਨ ਫਿਰ ਵੀ ਕਈ ਮਹਿਲਾਵਾਂ ਨੇ ਆਪ ਨੂੰ 1000 ਰੁਪਏ ਦੇ ਵਾਅਦੇ ’ਤੇ ਵੋਟ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਤੁਹਾਨੂੰ ਮੁਫ਼ਤ ਬੱਸ ਸਫ਼ਰ ਦਿੱਤਾ ਸੀ ਅਤੇ ਉਨ੍ਹਾਂ ਨੇ ਤੁਹਾਡੇ ਨਾਲ ਝੂਠਾ ਵਾਅਦਾ ਕੀਤਾ। ਹੁਣ ਸਮਾਂ ਹੈ ਕਿ ਸਾਡੇ ਕੰਮਾਂ ਦਾ ਇਨਾਮ ਮਿਲੇ ਅਤੇ ਆਪ ਨੂੰ ਉਸਦੇ ਧੋਖੇ ਦੀ ਸਜ਼ਾ ਮਿਲੇ
ਉਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮਨਰੇਗਾ 2005 ਵਿੱਚ ਕਾਂਗਰਸ ਵੱਲੋਂ ਸਾਰੀਆਂ ਪਾਰਟੀਆਂ ਨਾਲ ਸਲਾਹ ਕਰਕੇ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਖ਼ੁਲਾਸਾ ਕੀਤਾ ਕਿ ਕਿ ਇਸ ਬਿੱਲ ’ਤੇ ਸੰਸਦ ਦੀ ਸਥਾਈ ਕਮੇਟੀ ਵਿੱਚ ਵਿਸਥਾਰ ਨਾਲ ਚਰਚਾ ਹੋਈ ਸੀ, ਜਿਸਦੇ ਮੁਖੀ ਭਾਜਪਾ ਦੇ ਆਗੂ ਅਤੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਸਨ।
ਪੰਜਾਬ ਦੇ ਹਾਲਾਤਾਂ ਦੀ ਗੱਲ ਕਰਦਿਆਂ, ਬਾਜਵਾ ਨੇ ਕਿਹਾ ਕਿ ਅੱਜ ਕੋਈ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਹੈ। ਉਨ੍ਹਾਂ ਨੇ ਵਾਅਦਾ ਕੀਤਾ ਕਿ ਕਾਂਗਰਸ ਸਰਕਾਰ ਬਣਨ ਉਪਰੰਤ ਇੱਕ ਮਹੀਨੇ ਅੰਦਰ-ਅੰਦਰ ਸਾਰੇ ਗੈਂਗਸਟਰਾਂ ਦਾ ਉਸੇ ਤਰ੍ਹਾਂ ਖਾਤਮਾ ਕੀਤਾ ਜਾਵੇਗਾ, ਜਿਵੇਂ ਕਾਂਗਰਸ ਨੇ ਪੰਜਾਬ ਵਿੱਚੋਂ ਦਹਿਸ਼ਤਗਰਦੀ ਖਤਮ ਕੀਤੀ ਸੀ।
ਉਨ੍ਹਾਂ ਨੇ ਆਪ ਸਰਕਾਰ ‘ਤੇ ਪੰਜਾਬ ਦੇ ਸਰੋਤਾਂ ਦੀ ਲੁੱਟ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਦਰਿਆਵਾਂ ਵਿੱਚੋਂ ਰੇਤ ਦੀ ਖੁੱਲ੍ਹੀ ਲੁੱਟ ਕੀਤੀ ਜਾ ਰਹੀ ਹੈ। ਕੇਜਰੀਵਾਲ ਦੇ ਬਿਆਨ ਦਾ ਹਵਾਲਾ ਦਿੰਦਿਆਂ, ਉਨ੍ਹਾਂ ਕਿਹਾ ਕਿ ਰੇਤ ਮਾਈਨਿੰਗ ਤੋਂ ਪੰਜਾਬ ਨੂੰ ਹਰ ਸਾਲ 20 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੋਣੀ ਚਾਹੀਦੀ ਸੀ। ਉਨ੍ਹਾਂ ਨੇ ਸਵਾਲ ਕੀਤਾ ਕਿ ਫਿਰ ਇਹ ਸਾਰਾ ਪੈਸਾ ਕਿੱਥੇ ਗਿਆ? ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਧਾਰਮਿਕ ਸੰਸਥਾਵਾਂ ਵਿੱਚ ਦਖ਼ਲ ਦੇਣ ਦਾ ਵੀ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਐਸਜੀਪੀਸੀ ਤੋਂ ਜਵਾਬ ਮੰਗਣ ਦੀ ਥਾਂ ਮੁੱਖ ਮੰਤਰੀ ਨੂੰ ਖੁਦ ਇਹ ਦੱਸਣਾ ਚਾਹੀਦਾ ਹੈ ਕਿ ਪਿਛਲੇ ਚਾਰ ਸਾਲਾਂ ਵਿੱਚ ਇਨ੍ਹਾਂ ਨੇ ਪੰਜਾਬ ਲਈ ਕੀ ਕੀਤਾ ਹੈ।
ਇਨ੍ਹਾਂ ਰੈਲੀਆਂ ਦੌਰਾਨ ਏਆਈਸੀਸੀ ਇੰਚਾਰਜ ਰਵਿੰਦਰ ਦਲਵੀ, ਸੂਰਜ ਸਿੰਘ ਠਾਕੁਰ, ਸੁਖਜਿੰਦਰ ਰੰਧਾਵਾ, ਵਿਜੈ ਇੰਦਰ ਸਿੰਗਲਾ, ਰਾਣਾ ਕੇਪੀ ਸਾਬਕਾ ਸਪੀਕਰ, ਪਰਗਟ ਸਿੰਘ ਵਿਧਾਇਕ, ਸਾਧੂ ਸਿੰਘ ਧਰਮਸੋਤ ਸਾਬਕਾ ਮੰਤਰੀ, ਵਿਕਰਮਜੀਤ ਸਿੰਘ ਵਿਧਾਇਕ, ਅੰਗਦ ਸਿੰਘ ਸਾਬਕਾ ਵਿਧਾਇਕ, ਦਰਸ਼ਨ ਲਾਲ ਮੰਗੂਪੁਰ ਸਾਬਕਾ ਵਿਧਾਇਕ, ਲਵ ਕੁਮਾਰ ਗੋਲਡੀ ਸਾਬਕਾ ਵਿਧਾਇਕ, ਬਲਵਿੰਦਰ ਸਿੰਘ ਧਾਲੀਵਾਲ ਵਿਧਾਇਕ, ਮੋਹਿਤ ਮਹਿੰਦਰਾ ਪੰਜਾਬ ਕਾਂਗਰਸ ਯੂਥ ਪ੍ਰਧਾਨ, ਅਜੈ ਮੰਗੂਪੁਰ ਪ੍ਰਧਾਨ ਜਿਲ੍ਹਾ ਕਾਂਗਰਸ ਐਸਬੀਐਸ ਨਗਰ, ਮਿਸਜ਼ ਸੂੰਧ, ਅਮਰਪ੍ਰੀਤ ਲਾਲੀ, ਸਤਬੀਰ ਪੱਲੀਝੀਕੀ, ਡਾ. ਅਮਰ ਸਿੰਘ ਸੰਸਦ ਮੈਂਬਰ, ਡਾ. ਧਰਮਵੀਰ ਗਾਂਧੀ ਸੰਸਦ ਮੈਂਬਰ, ਤੇਜ ਪ੍ਰਕਾਸ਼ ਸਿੰਘ ਕੋਟਲੀ ਸਾਬਕਾ ਮੰਤਰੀ, ਗੁਰਕੀਰਤ ਸਿੰਘ ਕੋਟਲੀ ਸਾਬਕਾ ਵਿਧਾਇਕ, ਲਖਬੀਰ ਸਿੰਘ ਲੱਖਾ ਪਾਇਲ ਜਿਲ੍ਹਾ ਕਾਂਗਰਸ ਪ੍ਰਧਾਨ ਤੇ ਸਾਬਕਾ ਵਿਧਾਇਕ, ਅਨਿਲ ਜੋਸ਼ੀ ਸਾਬਕਾ ਮੰਤਰੀ, ਰੁਪਿੰਦਰ ਸਿੰਘ ਰਾਜਾ ਗਿੱਲ, ਜਸਪ੍ਰੀਤ ਸਿੰਘ ਚੇਅਰਮੈਨ, ਵਿਕਰਮਜੀਤ ਸਿੰਘ ਬਾਜਵਾ, ਪਵਨ ਦੀਵਾਨ, ਸੰਜੇ ਤਲਵਾੜ ਸਾਬਕਾ ਵਿਧਾਇਕ, ਕੁਲਦੀਪ ਵੈਦ ਸਾਬਕਾ ਵਿਧਾਇਕ ਤੇ ਐੱਸਸੀ ਵਿਭਾਗ ਦੇ ਚੇਅਰਮੈਨ, ਮਲਕੀਅਤ ਸਿੰਘ ਦਾਖਾ ਸਣੇ ਹੋਰ ਆਗੂ ਵੀ ਹਾਜ਼ਰ ਸਨ।
