Home ਪੰਜਾਬ ਫਸਲੀ ਵਿਭਿੰਨਤਾ ਨਾਲ ਕਿਸਾਨੀ ਬਣੀ ਲਾਹੇਵੰਦ: ਪਿੰਡ ਸੰਦੋੜ ਦਾ ਕਿਸਾਨ ਤੀਰਥ ਸਿੰਘ...

ਫਸਲੀ ਵਿਭਿੰਨਤਾ ਨਾਲ ਕਿਸਾਨੀ ਬਣੀ ਲਾਹੇਵੰਦ: ਪਿੰਡ ਸੰਦੋੜ ਦਾ ਕਿਸਾਨ ਤੀਰਥ ਸਿੰਘ ਬਾਗਬਾਨੀ ਖੇਤਰ ਵਿੱਚ ਬਣਿਆ ਮਿਸਾਲ

0

ਮਾਲੇਰਕੋਟਲਾ, 07 ਜਨਵਰੀ 2026:
ਪੰਜਾਬ ਸਰਕਾਰ ਬਾਗਬਾਨੀ ਖੇਤਰ ਦਾ ਵਿਸਥਾਰ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਗੱਲ ਦਾ ਪ੍ਰਗਟਾਵਾ ਡਿਪਟੀ ਡਾਇਰੈਕਟਰ ਬਾਗਬਾਨੀ ਨੇ ਕਰਦਿਆਂ ਕਿਹਾ ਕਿ ਰਵਾਇਤੀ ਕਣਕ-ਝੋਨੇ ਦੀ ਖੇਤੀ ਤੋਂ ਇਲਾਵਾ ਫਸਲੀ ਵਿਭਿੰਨਤਾ ਅਪਣਾਕੇ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਪਿੰਡ ਸੰਦੋੜ ਦਾ ਅਗਾਂਹਵਧੂ ਕਿਸਾਨ ਤੀਰਥ ਸਿੰਘ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ, ਜੋ ਪਿਛਲੇ ਲਗਭਗ 18 ਸਾਲਾਂ ਤੋਂ ਬਾਗਬਾਨੀ ਵਿਭਾਗ ਤੋਂ ਪ੍ਰੇਰਨਾ ਲੈ ਕੇ ਸਬਜ਼ੀਆਂ ਦੀ ਪਨੀਰੀ (ਨਰਸਰੀ) ਤਿਆਰ ਕਰ ਰਿਹਾ ਹੈ। ਤੀਰਥ ਸਿੰਘ ਵੱਲੋਂ ਕਰੀਬ 4 ਏਕੜ ਜ਼ਮੀਨ ਵਿੱਚ ਪਿਆਜ, ਮਿਰਚ, ਸ਼ਿਮਲਾ ਮਿਰਚ ਅਤੇ ਫੁੱਲ ਗੋਭੀ ਦੀ ਪਨੀਰੀ ਲਗਾ ਕੇ ਚੰਗੀ ਆਮਦਨ ਹਾਸਲ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਤੀਰਥ ਸਿੰਘ ਨੂੰ ਉਸਦੇ ਸਰਾਹਣਯੋਗ ਕੰਮ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਅਵਾਰਡ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਣਤੰਤਰ ਦਿਵਸ ਮੌਕੇ ਸਨਮਾਨ ਚਿੰਨ੍ਹ ਅਤੇ ਪੂਸਾ ਖੋਜ ਸੰਸਥਾ, ਨਵੀਂ ਦਿੱਲੀ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਤੀਰਥ ਸਿੰਘ ਨੇ ਦੱਸਿਆ ਕਿ ਰਵਾਇਤੀ ਫਸਲਾਂ ਵਿੱਚ ਉਤਪਾਦਨ ਲਾਗਤ ਵਧਣ ਅਤੇ ਮੁਨਾਫ਼ਾ ਘਟਣ ਕਾਰਨ ਉਸਨੇ ਬਾਗਬਾਨੀ ਵਿਭਾਗ ਦੀ ਸਲਾਹ ਨਾਲ ਪਿਆਜ਼ ਅਤੇ ਹੋਰ ਸਬਜ਼ੀਆਂ ਦੀ ਪਨੀਰੀ ਦੀ ਨਰਸਰੀ ਸ਼ੁਰੂ ਕੀਤੀ। ਮੌਜੂਦਾ ਸਮੇਂ ਵਿੱਚ ਉਸਦੀ ਪਨੀਰੀ ਦੀ ਮੰਗ ਨਾ ਸਿਰਫ਼ ਆਪਣੇ ਇਲਾਕੇ ਵਿੱਚ, ਸਗੋਂ ਨੇੜਲੇ ਜ਼ਿਲ੍ਹਿਆਂ ਦੇ ਕਿਸਾਨਾਂ ਵਿੱਚ ਵੀ ਕਾਫ਼ੀ ਵਧ ਗਈ ਹੈ। ਕਰੀਬ 1500 ਕਿਸਾਨ ਉਸ ਤੋਂ ਪਨੀਰੀ ਲੈ ਕੇ ਵਧੀਆ ਝਾੜ ਪ੍ਰਾਪਤ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀ ਪਨੀਰੀ ਰਾਹੀਂ ਉਸਨੂੰ ਨਿਰੰਤਰ ਆਮਦਨ ਮਿਲ ਰਹੀ ਹੈ। ਨਾਲ ਹੀ ਤੀਰਥ ਸਿੰਘ ਨੇ ਦੱਸਿਆ ਕਿ ਉਹ ਬਾਗਬਾਨੀ ਵਿਭਾਗ ਮਾਲੇਰਕੋਟਲਾ ਪਾਸੋਂ ਕੌਮੀ ਬਾਗਬਾਨੀ ਮਿਸ਼ਨ ਤਹਿਤ ਬਾਗਬਾਨੀ ਮਸ਼ੀਨਰੀ ਅਤੇ ਗੰਡੋਆਂ ਖਾਦ ਯੂਨਿਟ ਲਈ ਸਬਸਿਡੀ ਵੀ ਪ੍ਰਾਪਤ ਕਰ ਚੁੱਕਾ ਹੈ, ਜੋ ਹੋਰ ਕਿਸਾਨਾਂ ਲਈ ਪ੍ਰੇਰਣਾਸਰੋਤ ਹੈ।

Exit mobile version