ਗੁਰਦਾਸਪੁਰ, 5 ਜਨਵਰੀ: ਜ਼ਿਲ੍ਹਾ ਪ੍ਰੋਗਰਾਮ ਅਫਸਰ ਗੁਰਦਾਸਪੁਰ ਸ੍ਰੀਮਤੀ ਜਸਮੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਔਰਤਾਂ ਦੀ ਭਲਾਈ ਅਤੇ ਆਤਮਨਿਰਭਰਤਾ ਨੂੰ ਧਿਆਨ ਵਿੱਚ ਰੱਖਦਿਆਂ 7 ਜਨਵਰੀ, ਦਿਨ ਬੁੱਧਵਾਰ ਸਵੇਰੇ 11:00 ਵਜੇ ਮਹਿੰਦਰਾ ਗਰੀਨਲੈਂਡ ਪੈਲੇਸਨ, ਜੇਲ੍ਹ ਰੋਡ, ਗੁਰਦਾਸਪੁਰ ਵਿਖੇ ਅਤੇ 8 ਜਨਵਰੀ ਨੂੰ ਬਲਾਕ ਕਲਾਨੌਰ ਦੇ ਪਿੰਡ ਡੇਹਰੀਵਾਲ ਕਿਰਨ ਵਿਖੇ ਸਿਹਤ, ਸਫਾਈ ਅਤੇ ਰੋਜ਼ਗਾਰ ਜਾਗਰੂਕਤਾ ਕੈਂਪ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਰੋਜ਼ਗਾਰ ਬਿਊਰੋ ਵੱਲੋਂ ਵੱਖ-ਵੱਖ ਕੰਪਨੀਆਂ ਨਾਲ ਤਾਲਮੇਲ ਕਰਕੇ ਔਰਤਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਕੈਂਪ ਵਿੱਚ ਵਰਧਮਾਨ ਟੈਕਸਟਾਈਲਜ਼ ਲਿਮਿਟਡ ਵੱਲੋਂ ਮਸ਼ੀਨ ਆਪਰੇਟਰ, ਚੱਡਾ ਸ਼ੂਗਰ ਮਿੱਲ ਕੀੜੀ ਅਫਗਾਨਾ ਵੱਲੋਂ ਹੈਲਪਰ, ਐਸ.ਬੀ.ਆਈ. ਲਾਈਫ ਵੱਲੋਂ ਯੂਨਿਟ ਮੈਨੇਜਰ, ਅਜਾਇਲ ਫਿਊਚਰ ਵੱਲੋਂ ਵੈੱਲਨੈੱਸ ਐਡਵਾਈਜ਼ਰ, ਕੋਟਕ ਮਹਿੰਦਰਾ ਬੈਂਕ ਵੱਲੋਂ ਸੇਲਜ਼ ਐਸੋਸੀਏਟ, ਐਲ.ਆਈ.ਸੀ. ਵੱਲੋਂ ਬੀਮਾ ਸੱਖੀ, ਸੀ.ਐਸ.ਸੀ. ਵੱਲੋਂ ਵੀ.ਐਲ.ਈ. ਅਤੇ ਮਥੂਟ ਮਾਇਕਰੋਫ਼ਿਨ ਵੱਲੋਂ ਰਿਲੇਸ਼ਨਸ਼ਿਪ ਅਫਸਰ ਅਤੇ ਬ੍ਰਾਂਚ ਕਰੈਡਿਟ ਮੈਨੇਜਰ ਆਦਿ ਅਹੁਦਿਆਂ ਲਈ ਭਰਤੀ ਕੀਤੀ ਜਾਵੇਗੀ।
ਸ੍ਰੀਮਤੀ ਜਸਮੀਤ ਕੌਰ ਨੇ ਦੱਸਿਆ ਕਿ ਕੈਂਪ ਵਿੱਚ ਭਾਗ ਲੈਣ ਲਈ ਉਮੀਦਵਾਰਾਂ ਦੀ ਉਮਰ ਸੀਮਾ 18 ਤੋਂ 50 ਸਾਲ ਹੋਣੀ ਚਾਹੀਦੀ ਹੈ ਅਤੇ ਘੱਟੋ-ਘੱਟ ਦਸਵੀਂ ਪਾਸ ਹੋਣਾ ਲਾਜ਼ਮੀ ਹੈ।
ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਅਫਸਰ ਗੁਰਦਾਸਪੁਰ ਵੱਲੋਂ ਜ਼ਿਲ੍ਹੇ ਦੀਆਂ ਸਮੂਹ ਔਰਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ-ਚੜ੍ਹ ਕੇ ਰੋਜ਼ਗਾਰ ਕੈਂਪ ਵਿੱਚ ਹਿੱਸਾ ਲੈਣ ਅਤੇ ਆਪਣੇ ਸਾਰੇ ਅਸਲੀ ਦਸਤਾਵੇਜ਼ ਜਿਵੇਂ ਕਿ ਸਰਟੀਫਿਕੇਟ, ਆਧਾਰ ਕਾਰਡ, ਰੈਜ਼ਿਊਮੇ ਆਦਿ ਨਾਲ ਲੈ ਕੇ ਸਮੇਂ ਸਿਰ ਪਹੁੰਚਣ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਕੈਂਪ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਆਪਣੀਆਂ ਸਕੀਮਾਂ ਸਬੰਧੀ ਜਾਣਕਾਰੀ ਦੇਣ ਲਈ ਬੈਨਰ ਅਤੇ ਸਟਾਲ ਲਗਾਏ ਜਾਣਗੇ। ਨਾਲ ਹੀ ਸਿਹਤ ਵਿਭਾਗ ਵੱਲੋਂ ਔਰਤਾਂ ਅਤੇ ਬੱਚਿਆਂ ਲਈ ਮੁਫ਼ਤ ਮੈਡੀਕਲ ਜਾਂਚ ਵੀ ਕੀਤੀ ਜਾਵੇਗੀ।
