ਰਾਸ਼ਟਰੀ ਝੰਡਾ ਲਹਿਰਾਉਣ ਅਤੇ ਸਲਾਮੀ ਦੇਣ ਦਾ ਅਧਿਕਾਰਿਕ ਸ਼ਡਿਊਲ ਜਾਰੀ
ਚੰਡੀਗੜ੍ਹ : ਪੰਜਾਬ ਵਿੱਚ 26 ਜਨਵਰੀ 2026 ਨੂੰ ਮਨਾਏ ਜਾਣ ਵਾਲੇ ਰਾਜ ਪੱਧਰੀ ਗਣਤੰਤਰ ਦਿਵਸ ਸਮਾਰੋਹਾਂ ਲਈ ਆਮ ਪ੍ਰਸ਼ਾਸਨ ਵਿਭਾਗ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਸਲਾਮੀ ਦੇਣ ਦਾ ਅਧਿਕਾਰਿਕ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।
ਜਾਰੀ ਸ਼ਡਿਊਲ ਮੁਤਾਬਕ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਪਟਿਆਲਾ ਵਿੱਚ ਰਾਜ ਪੱਧਰੀ ਗਣਤੰਤਰ ਦਿਵਸ ਸਮਾਰੋਹ ਦੌਰਾਨ ਰਾਸ਼ਟਰੀ ਝੰਡਾ ਲਹਿਰਾਉਣਗੇ, ਜਦਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ 26 ਜਨਵਰੀ ਨੂੰ ਹੁਸ਼ਿਆਰਪੁਰ ਵਿੱਚ ਰਾਸ਼ਟਰੀ ਝੰਡਾ ਲਹਿਰਾਉਣਗੇ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸੰਗਰੂਰ ਵਿੱਚ ਰਾਸ਼ਟਰੀ ਝੰਡਾ ਲਹਿਰਾਉਣਗੇ, ਜਦਕਿ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਬਰਨਾਲਾ ਵਿੱਚ ਗਣਤੰਤਰ ਦਿਵਸ ਸਮਾਰੋਹ ਵਿੱਚ ਸ਼ਿਰਕਤ ਕਰਨਗੇ।
ਇਸੇ ਤਰ੍ਹਾਂ ਕੈਬਨਿਟ ਮੰਤਰੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰਾਸ਼ਟਰੀ ਝੰਡਾ ਲਹਿਰਾਉਣਗੇ। ਸ਼ਡਿਊਲ ਅਨੁਸਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬਠਿੰਡਾ ਵਿੱਚ, ਕੈਬਨਿਟ ਮੰਤਰੀ ਅਮਨ ਅਰੋੜਾ ਪਠਾਨਕੋਟ ਵਿੱਚ, ਡਾ. ਬਲਜੀਤ ਕੌਰ ਫਿਰੋਜ਼ਪੁਰ ਵਿੱਚ, ਸੰਜੀਵ ਅਰੋੜਾ ਫਰੀਦਕੋਟ ਵਿੱਚ, ਡਾ. ਬਲਬੀਰ ਸਿੰਘ ਸ਼ਹੀਦ ਭਗਤ ਸਿੰਘ ਨਗਰ ਵਿੱਚ, ਹਰਦੀਪ ਸਿੰਘ ਮੁੰਡੀਆਂ ਅੰਮ੍ਰਿਤਸਰ ਵਿੱਚ, ਲਾਲ ਚੰਦ ਕਟਾਰੂਚਕ ਮਲੇਰਕੋਟਲਾ ਵਿੱਚ, ਲਾਲਜੀਤ ਭੁੱਲਰ ਸ੍ਰੀ ਮੁਕਤਸਰ ਸਾਹਿਬ ਵਿੱਚ, ਹਰਜੋਤ ਸਿੰਘ ਬੈਂਸ ਫ਼ਾਜ਼ਿਲਕਾ ਵਿੱਚ, ਹਰਭਜਨ ਸਿੰਘ ਈ.ਟੀ.ਓ. ਲੁਧਿਆਣਾ ਵਿੱਚ, ਬਰਿੰਦਰ ਕੁਮਾਰ ਗੋਇਲ ਜਲੰਧਰ ਵਿੱਚ, ਤਰੁਨਪ੍ਰੀਤ ਸਿੰਘ ਸੌਂਦ ਰੂਪਨਗਰ ਵਿੱਚ, ਡਾ. ਰਵੀਜੋਤ ਸਿੰਘ ਮਾਨਸਾ ਵਿੱਚ, ਗੁਰਮੀਤ ਸਿੰਘ ਖੁੱਡੀਆਂ ਤਰਨਤਾਰਨ ਵਿੱਚ ਅਤੇ ਮੋਹਤਿੰਦਰ ਭਗਤ ਮੋਹਾਲੀ ਵਿੱਚ ਰਾਸ਼ਟਰੀ ਝੰਡਾ ਲਹਿਰਾਉਣਗੇ।
ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਇਸ ਸ਼ਡਿਊਲ ਅਨੁਸਾਰ ਸੂਬੇ ਭਰ ਵਿੱਚ ਗਣਤੰਤਰ ਦਿਵਸ ਸਮਾਰੋਹ ਸਨਮਾਨ, ਦੇਸ਼ਭਕਤੀ ਅਤੇ ਉਤਸ਼ਾਹ ਨਾਲ ਮਨਾਏ ਜਾਣਗੇ।
