Home ਪੰਜਾਬ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਨਵੀਂ ਸ਼ੁਰੂਆਤ

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਨਵੀਂ ਸ਼ੁਰੂਆਤ

0

 

ਗੁਰੂਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਨਵ ਨਿਯੁਕਤ ਜਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਸਮੁੱਚੀ ਪਾਰਟੀ ਲੀਡਰਸ਼ਿਪ ਅਤੇ ਸੈਂਕੜੇ ਸਮਰਥਕਾਂ ਸਮੇਤ ਨਤਮਸਤਕ ਹੋਏ ਅਤੇ ਗੁਰੂ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਉਨ੍ਹਾਂ ਨੂੰ ਪਾਰਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ।

ਇਸ ਸਮਾਗਮ ਵਿੱਚ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਸਮੇਤ ਕਈ ਪ੍ਰਮੁੱਖ ਪੰਥਕ ਅਤੇ ਸਿਆਸੀ ਆਗੂ ਹਾਜ਼ਰ ਰਹੇ। ਗੁਰੂ ਘਰ ਵਿੱਚ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਗੂਆਂ ਨੇ 328 ਸਰੂਪਾਂ ਦੇ ਅਲੋਪ ਹੋਣ ਦੇ ਮਾਮਲੇ ਨੂੰ ਗੰਭੀਰ ਦੱਸਦਿਆਂ ਕਿਹਾ ਕਿ ਇਸ ਸੱਚ ਨੂੰ ਸਿੱਖ ਸੰਗਤ ਦੇ ਸਾਹਮਣੇ ਲਿਆਉਣਾ ਬਹੁਤ ਜ਼ਰੂਰੀ ਹੈ।

ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਾਕਾਮੀ ਕਾਰਨ ਸਿੱਖ ਧਾਰਮਿਕ ਮਸਲਿਆਂ ਵਿੱਚ ਸਰਕਾਰੀ ਦਖਲ ਵਧਿਆ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਪੰਥਕ ਇੱਕਜੁੱਟਤਾ ਅਤੇ ਸੁਰਤਾ ਹੀ ਇਸ ਦਖਲਅੰਦਾਜ਼ੀ ਨੂੰ ਰੋਕ ਸਕਦੀ ਹੈ। ਇਸ ਲਈ ਐਸਜੀਪੀਸੀ, ਹਰਿਆਣਾ ਤੇ ਦਿੱਲੀ ਕਮੇਟੀਆਂ ਅਤੇ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਇੱਕ ਵਿਸ਼ਵ ਪੰਥਕ ਕਨਵੈਨਸ਼ਨ ਬੁਲਾਈ ਜਾਣੀ ਚਾਹੀਦੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਲੀਡਰਸ਼ਿਪ ਸੰਕਟ ਦਾ ਹੱਲ ਸਿਰਫ਼ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾ ਕੇ ਹੀ ਹੋ ਸਕਦਾ ਹੈ ਅਤੇ ਗੁਰੂ ਘਰਾਂ ਦੀ ਮਰਿਆਦਾ ਅਤੇ ਪ੍ਰਬੰਧ ਲਈ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣਾ ਸਮੇਂ ਦੀ ਲੋੜ ਹੈ। ਜੇਕਰ ਸੰਸਥਾਵਾਂ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਰਹਿੰਦੀਆਂ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਕੇਂਦਰ ਅਤੇ ਪੰਜਾਬ ਸਰਕਾਰ ’ਤੇ ਦਬਾਅ ਬਣਾਏਗਾ।

ਨਵ ਨਿਯੁਕਤ ਜਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਨੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਨਿਸ਼ਠਾ ਨਾਲ ਨਿਭਾਉਣਗੇ ਅਤੇ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਵੱਡੇ ਪੱਧਰ ’ਤੇ ਕੰਮ ਕੀਤਾ ਜਾਵੇਗਾ।

Exit mobile version