ਚੰਡੀਗੜ੍ਹ ਸਥਿਤ ਨਿਵਾਸ ’ਤੇ ਰੂਪਨਗਰ ਦੀ ਟੀਮ ਵੱਲੋਂ ਕੀਤਾ ਗਿਆ ਸਨਮਾਨ
ਰੂਪਨਗਰ, 31 ਦਸੰਬਰ (ਛਤਰਪਾਲ ਸਿੰਘ) : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ’ਤੇ ਸਥਾਪਿਤ ਗੁਰੂ ਤੇਗ ਬਹਾਦਰ ਅਵਾਰਡ ਨਾਲ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਨਿਵਾਸ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਡਾ. ਹਰਬੰਸ ਲਾਲ (ਸਾਬਕਾ ਮੰਤਰੀ), ਜ਼ਿਲ੍ਹਾ ਵਪਾਰ ਸੈਲ ਰੂਪਨਗਰ ਦੇ ਪ੍ਰਧਾਨ ਸਤਿੰਦਰ ਨਾਗੀ ਅਤੇ ਜ਼ਿਲ੍ਹਾ ਸਵਰਨਕਾਰ ਸੰਘ ਰੂਪਨਗਰ ਦੇ ਪ੍ਰਧਾਨ ਲਲਿਤ ਨਾਗੀ ਦੀ ਅਗਵਾਈ ਹੇਠ ਦਿੱਤਾ ਗਿਆ।
ਇਸ ਮੌਕੇ ਡਾ. ਹਰਬੰਸ ਲਾਲ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਵਰ੍ਹੇਗੰਢ ਦੇ ਮੌਕੇ ’ਤੇ ਦਿੱਲੀ ਦੰਗਿਆਂ ਦੇ ਪੀੜਤ ਪਰਿਵਾਰਾਂ ਨਾਲ ਸਹਾਨੁਭੂਤੀ ਦਿਖਾਉਂਦੇ ਹੋਏ ਹਰਿਆਣਾ ਵਿੱਚ ਰਹਿ ਰਹੇ 121 ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਉਨ੍ਹਾਂ ਦੇ ਦੁੱਖਾਂ ’ਤੇ ਮੱਲ੍ਹਮ ਲਗਾਉਣ ਦਾ ਕੰਮ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਜੇ ਵੀ ਕਈ ਅਜਿਹੇ ਪਰਿਵਾਰ ਹਨ, ਜਿਨ੍ਹਾਂ ਨੇ ਦਿੱਲੀ ਦੰਗਿਆਂ ਦੌਰਾਨ ਸਭ ਕੁਝ ਗਵਾ ਦਿੱਤਾ, ਪਰ ਉਨ੍ਹਾਂ ਲਈ ਅਜੇ ਤੱਕ ਕੋਈ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਗਿਆ।
ਡਾ. ਹਰਬੰਸ ਲਾਲ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ “ਲਾਡੋ ਲਕਸ਼ਮੀ ਯੋਜਨਾ” ਤਹਿਤ ਔਰਤਾਂ ਨੂੰ 2100 ਰੁਪਏ ਮਹੀਨਾ ਦੇਣ ਦਾ ਜੋ ਵਾਅਦਾ ਕੀਤਾ ਸੀ, ਉਹ ਅਗਲੇ ਹੀ ਮਹੀਨੇ ਹਰਿਆਣਾ ਦੀਆਂ ਸਾਰੀਆਂ ਔਰਤਾਂ ਦੇ ਖਾਤਿਆਂ ਵਿੱਚ ਰਕਮ ਜਮ੍ਹਾਂ ਕਰਵਾ ਕੇ ਪੂਰਾ ਕਰਕੇ ਵਿਖਾਇਆ। ਉਨ੍ਹਾਂ ਦੱਸਿਆ ਕਿ ਹਰਿਆਣਾ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ, ਜਿੱਥੇ 25 ਫਸਲਾਂ ’ਤੇ ਕਿਸਾਨਾਂ ਨੂੰ ਲਗਾਤਾਰ ਐਮਐਸਪੀ ਦਿੱਤੀ ਜਾ ਰਹੀ ਹੈ।
ਗੁਰੂ ਤੇਗ ਬਹਾਦਰ ਅਵਾਰਡ ਨਾਲ ਸਨਮਾਨ ਸਮਾਰੋਹ ਦੌਰਾਨ ਭਾਜਪਾ ਆਗੂ ਮਨੀਸ਼ ਵਰਮਾ, ਯੁਵਾ ਆਗੂ ਗੁਰਕੀਰਤ ਸਿੰਘ, ਗੁਰਤੇਜ ਸਿੰਘ ਭਾਗਣਪੁਰ, ਗੁਰਦੇਵ ਸਿੰਘ ਡੇਰਾ ਮੀਰ ਮੀਰਾ, ਮਨੋਰਟੀ ਸੈਲ ਦੇ ਚੇਅਰਮੈਨ ਸੁੱਚਾ ਖਾਨ ਮਹਾਦੀਆਂ, ਜ਼ਿਲ੍ਹਾ ਪਰਿਸ਼ਦ ਮੈਂਬਰ ਰਣਧੀਰ ਸਿੰਘ ਝਾਂਮਪੁਰ, ਪ੍ਰੈਸ ਸਕੱਤਰ ਪੰਜਾਬ ਗੁਰਦੀਪ ਸਿੰਘ ਭਾਗਣਪੁਰ, ਸੁਨੀਲ ਵਰਮਾ ਸੋਨੂ, ਯੂਥ ਆਗੂ ਵਿਪਨ ਵਰਮਾ, ਅਮਨਦੀਪ ਸਿੰਘ ਸਰਹਿੰਦ, ਮਨਮੋਹਨ ਸਿੰਘ ਸਿਬਲ, ਸਵਰਨਕਾਰ ਸੰਘ ਦੇ ਪ੍ਰਧਾਨ ਲਲਿਤ ਨਾਗੀ, ਸਤਿੰਦਰ ਨਾਗੀ, ਬਾਬਾ ਦਲੇਰ ਸਿੰਘ ਖਾਲਸਾ, ਦਲਿਤ ਨੇਤਾ ਗੁਰਮੇਲ ਸਿੰਘ ਹਮਾਯੂਪੁਰ, ਬ੍ਰਹਮਾ ਕੁਮਾਰ, ਜਸਵਿੰਦਰ ਸਿੰਘ, ਮਨਜੀਤ ਮਹਿਰਾ ਜੰਡਾਲੀ ਅਤੇ ਡਾ. ਗੁਰਨਾਮ ਸਿੰਘ ਸੋਢੀ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।







