Home ਪਟਿਆਲਾ ਅਪਡੇਟ ਫਿਨਲੈਂਡ ਟ੍ਰੇਨਿੰਗ ਤੋਂ ਵਾਪਸ ਆਏ ਅਧਿਆਪਕਾਂ ਦੇ ਤਜਰਬੇ ਸਾਂਝੇ, ਬਲਾਕ ਪਟਿਆਲਾ-2 ਦੇ...

ਫਿਨਲੈਂਡ ਟ੍ਰੇਨਿੰਗ ਤੋਂ ਵਾਪਸ ਆਏ ਅਧਿਆਪਕਾਂ ਦੇ ਤਜਰਬੇ ਸਾਂਝੇ, ਬਲਾਕ ਪਟਿਆਲਾ-2 ਦੇ ਹੋਣਹਾਰ ਅਧਿਆਪਕ ਸਨਮਾਨਿਤ

0

ਪਟਿਆਲਾ, 27 ਦਸੰਬਰ (ਜਤਿੰਦਰ ਗਰਗ): ਪੰਜਾਬ ਸਰਕਾਰ ਵੱਲੋਂ ਵਿੱਦਿਅਕ ਢਾਂਚੇ ਵਿੱਚ ਸੁਧਾਰ ਕਰਨ ਦੇ ਮਕਸਦ ਨਾਲ ਫਿਨਲੈਂਡ ਭੇਜੇ ਗਏ ਅਧਿਆਪਕ ਆਪਣੀ ਟ੍ਰੇਨਿੰਗ ਪੂਰੀ ਕਰਕੇ ਵਾਪਸ ਪਰਤ ਆਏ ਹਨ। ਵਾਪਸੀ ਉਪਰੰਤ ਇਨ੍ਹਾਂ ਅਧਿਆਪਕਾਂ ਨੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨਾਲ ਫਿਨਲੈਂਡ ਦੌਰੇ ਦੌਰਾਨ ਹਾਸਲ ਕੀਤੇ ਅਨੁਭਵ ਸਾਂਝੇ ਕੀਤੇ।

ਇਸ ਮੌਕੇ ਸਿੱਖਿਆ ਵਿਭਾਗ ਪੰਜਾਬ ਦੇ ਬਲਾਕ ਪਟਿਆਲਾ-2 ਦੇ ਹੋਣਹਾਰ ਅਤੇ ਚੰਗੀਆਂ ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਹ ਸਨਮਾਨ ਸਮਾਗਮ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ (BPEO) ਸ੍ਰੀ ਪ੍ਰਿਥੀ ਸਿੰਘ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਦੇ ਸੈਮੀਨਾਰ ਹਾਲ ਵਿੱਚ ਆਯੋਜਿਤ ਕੀਤਾ ਗਿਆ। ਸਨਮਾਨਿਤ ਅਧਿਆਪਕਾਂ ਵਿੱਚ ਏਮਨਦੀਪ ਕੌਰ, ਤਰਵਿੰਦਰ ਸਿੰਘ, ਸੁਖਜੀਤ ਸਿੰਘ ਮੱਟੂ, ਸਤਵੀਰ ਸਿੰਘ, ਹਰਪ੍ਰੀਤ ਕੌਰ, ਬਲਜੀਤ ਕੌਰ ਅਤੇ ਗੁਰਦੀਪ ਕੌਰ ਸ਼ਾਮਿਲ ਸਨ। ਜ਼ਿਕਰਯੋਗ ਹੈ ਕਿ BPEO ਸ੍ਰੀ ਪ੍ਰਿਥੀ ਸਿੰਘ ਖੁਦ ਵੀ ਫਿਨਲੈਂਡ ਦੌਰੇ ‘ਤੇ ਗਏ ਸਨ।

ਫਿਨਲੈਂਡ ਟ੍ਰੇਨਿੰਗ ਤੋਂ ਵਾਪਸ ਆਏ ਅਧਿਆਪਕਾਂ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਫਿਨਲੈਂਡ ਦਾ ਸਿੱਖਿਆ ਤੰਤਰ ਅਨੁਸ਼ਾਸਨ ਅਤੇ ਵਿਦਿਆਰਥੀ ਕੇਂਦਰਿਤ ਪੱਧਤੀ ‘ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਉੱਥੇ ਛੋਟੀ ਜਮਾਤ ਦੇ ਵਿਦਿਆਰਥੀ ਵੀ ਪਾਣੀ ਪੀਣ ਜਾਂ ਵਾਸ਼ਰੂਮ ਦੀ ਵਰਤੋਂ ਲਈ ਬਿਨਾਂ ਕਹੇ ਲਾਈਨ ਵਿੱਚ ਖੜ੍ਹੇ ਰਹਿੰਦੇ ਹਨ। ਅਧਿਆਪਕ ਪੜ੍ਹਾਈ ਦੌਰਾਨ ਪੂਰੀ ਤਰ੍ਹਾਂ ਕਲਾਸ ‘ਤੇ ਧਿਆਨ ਕੇਂਦਰਿਤ ਰੱਖਦੇ ਹਨ ਅਤੇ ਲੈਕਚਰ ਖਤਮ ਹੋਣ ਤੋਂ ਬਾਅਦ ਹੀ ਹੋਰ ਗੱਲਬਾਤ ਕਰਦੇ ਹਨ।

ਅਧਿਆਪਕਾਂ ਨੇ ਇਹ ਵੀ ਦੱਸਿਆ ਕਿ ਫਿਨਲੈਂਡ ਵਿੱਚ ਪ੍ਰੈਕਟੀਕਲ ਅਧਿਆਪਨ ‘ਤੇ ਵਧੇਰੇ ਜ਼ੋਰ ਦਿੱਤਾ ਜਾਂਦਾ ਹੈ। ਮੌਸਮ ਭਾਵੇਂ ਕਿੰਨਾ ਵੀ ਠੰਢਾ ਹੋਵੇ, ਵਿਦਿਆਰਥੀਆਂ ਨੂੰ ਸਾਵਧਾਨੀ ਨਾਲ ਕਲਾਸਰੂਮ ਤੋਂ ਬਾਹਰ ਲੈ ਜਾ ਕੇ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਜਿਸ ਨਾਲ ਬੱਚੇ ਆਪਣੇ ਆਲੇ-ਦੁਆਲੇ ਨਾਲ ਜੁੜੇ ਰਹਿੰਦੇ ਹਨ ਅਤੇ ਪੜ੍ਹਾਈ ਵਿੱਚ ਫੋਕਸ ਬਣਿਆ ਰਹਿੰਦਾ ਹੈ। ਉਨ੍ਹਾਂ ਅਨੁਸਾਰ ਉੱਥੋਂ ਦੇ ਲੋਕਾਂ ਦਾ ਵਿਵਹਾਰ ਇਮਾਨਦਾਰ ਅਤੇ ਸਹਾਇਕ ਹੁੰਦਾ ਹੈ।

ਇਸ ਮੌਕੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ BPEO ਪ੍ਰਿਥੀ ਸਿੰਘ ਨੇ ਕਿਹਾ ਕਿ ਇਨ੍ਹਾਂ ਅਧਿਆਪਕਾਂ ਦਾ ਸਨਮਾਨ ਕਰਨਾ ਉਨ੍ਹਾਂ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ। ਉਨ੍ਹਾਂ ਹੋਰ ਅਧਿਆਪਕਾਂ ਨੂੰ ਵੀ ਇਨ੍ਹਾਂ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਦੀ ਪੇਸ਼ੇਵਰ ਵਿਕਾਸ ਲਈ ਵੀ ਪੂਰੀ ਤਰ੍ਹਾਂ ਵਚਨਬੱਧ ਹੈ।

ਸਮਾਗਮ ਦੌਰਾਨ ਸੀਐਚਟੀ ਭੁਪਿੰਦਰ ਸਿੰਘ, ਸੀਐਚਟੀ ਪੂਰਨ ਸਿੰਘ, ਸੀਐਚਟੀ ਸਤਵੰਤ ਕੌਰ ਸਮੇਤ ਬਲਾਕ ਅਧੀਨ ਆਉਂਦੇ ਕਰੀਬ 59 ਸਕੂਲਾਂ ਦੇ ਮੁੱਖ ਅਧਿਆਪਕ ਅਤੇ ਹੋਰ ਅਧਿਆਪਕ ਹਾਜ਼ਰ ਰਹੇ।

Exit mobile version