Home ਪੰਜਾਬ ਜਲਾਲਾਬਾਦ ਦੇ ਲਵਪ੍ਰੀਤ ਸਿੰਘ ਦੀ ਕਿਸਮਤ ਨੇ ਮਾਰੀ ਪਲਟੀ, 700 ਰੁਪਏ ਦੀ...

ਜਲਾਲਾਬਾਦ ਦੇ ਲਵਪ੍ਰੀਤ ਸਿੰਘ ਦੀ ਕਿਸਮਤ ਨੇ ਮਾਰੀ ਪਲਟੀ, 700 ਰੁਪਏ ਦੀ ਲਾਟਰੀ ਤੋਂ ਜਿੱਤੇ 10 ਲੱਖ ਰੁਪਏ

0

ਜਲਾਲਾਬਾਦ 26 ਦਸੰਬਰ 2025 (ਛਤਰਪਾਲ ਸਿੰਘ)  ਜਲਾਲਾਬਾਦ ਦੇ ਨੌਜਵਾਨ ਲਵਪ੍ਰੀਤ ਸਿੰਘ ਲਈ ਖੁਸ਼ਖਬਰੀ ਦੀ ਵੱਡੀ ਵਜ੍ਹਾ ਬਣੀ ਹੈ, ਕਿਉਂਕਿ ਉਸ ਦੀ ਕਿਸਮਤ ਚਮਕ ਗਈ ਹੈ। ਲਵਪ੍ਰੀਤ ਸਿੰਘ ਨੇ 10 ਲੱਖ ਰੁਪਏ ਦੀ ਲਾਟਰੀ ਜਿੱਤ ਕੇ ਆਪਣੀਆਂ ਚਿੰਤਾਵਾਂ ਨੂੰ ਖੁਸ਼ੀਆਂ ਵਿੱਚ ਬਦਲ ਲਿਆ ਹੈ।

ਜਾਣਕਾਰੀ ਮੁਤਾਬਕ ਬੀਤੀ 24 ਤਾਰੀਖ ਨੂੰ ਲਵਪ੍ਰੀਤ ਸਿੰਘ ਫਰੀਦਕੋਟ ਤੋਂ ਫਾਜ਼ਿਲਕਾ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਕਿਸਮਤ ਅਜ਼ਮਾਉਂਦਿਆਂ ਲਾਟਰੀ ਖਰੀਦਣ ਦਾ ਫੈਸਲਾ ਕੀਤਾ। ਉਸ ਨੇ 7 ਰੁਪਏ ਪ੍ਰਤੀ ਟਿਕਟ ਦੇ ਹਿਸਾਬ ਨਾਲ 100 ਟਿਕਟਾਂ ਖਰੀਦੀਆਂ, ਜਿਸ ’ਤੇ ਕੁੱਲ 700 ਰੁਪਏ ਖਰਚ ਹੋਏ। ਕੁਝ ਸਮੇਂ ਬਾਅਦ ਹੀ ਲਾਟਰੀ ਵਿਕਰੇਤਾ ਵੱਲੋਂ ਉਸਨੂੰ ਫੋਨ ਆਇਆ ਕਿ ਉਸ ਦੀ 10 ਲੱਖ ਰੁਪਏ ਦੀ ਲਾਟਰੀ ਨਿਕਲ ਆਈ ਹੈ।

ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਜਲਾਲਾਬਾਦ ਦਾ ਰਹਿਣ ਵਾਲਾ ਹੈ ਅਤੇ ਇੱਕ ਬੈਂਕ ਵਿੱਚ ਪ੍ਰਾਈਵੇਟ ਨੌਕਰੀ ਕਰਦਾ ਹੈ। ਹਾਲ ਹੀ ਵਿੱਚ ਘਰ ਬਣਾਉਣ ਕਾਰਨ ਉਹ ਕਰਜ਼ੇ ਹੇਠਾਂ ਸੀ ਅਤੇ ਭੈਣ ਦੇ ਵਿਆਹ ਨੂੰ ਲੈ ਕੇ ਕਾਫੀ ਟੈਂਸ਼ਨ ਵਿੱਚ ਸੀ। ਉਸ ਨੇ ਕਿਹਾ, “ਮੈਂ ਸੋਚਿਆ ਕਿਸਮਤ ਅਜ਼ਮਾ ਹੀ ਲਵਾਂ, ਪਰਮਾਤਮਾ ਨੇ ਸੁਣ ਲਈ।”

ਅੱਜ ਲਵਪ੍ਰੀਤ ਸਿੰਘ ਆਪਣੇ ਇਨਾਮ ਦੀ ਰਕਮ ਪ੍ਰਾਪਤ ਕਰਨ ਲਈ ਜਲਾਲਾਬਾਦ ਪਹੁੰਚਿਆ। ਖੁਸ਼ੀ ਜਾਹਿਰ ਕਰਦਿਆਂ ਉਸ ਨੇ ਕਿਹਾ ਕਿ ਹੁਣ ਉਹ ਆਪਣੀ ਭੈਣ ਦਾ ਵਿਆਹ ਧੂਮਧਾਮ ਨਾਲ ਕਰ ਸਕੇਗਾ ਅਤੇ ਘਰ ਦੇ ਕਰਜ਼ੇ ਵੀ ਉਤਾਰ ਸਕੇਗਾ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਲਾਲਾਬਾਦ ਦੀ ਕਰਨ ਅਰਜਨ ਲਾਟਰੀ ਏਜੰਸੀ ਤੋਂ ਲਗਾਤਾਰ ਵੱਡੇ ਇਨਾਮ ਨਿਕਲ ਰਹੇ ਹਨ। ਬੀਤੇ ਦਿਨੀਂ ਪਿੰਡ ਫਲੀਆਂ ਵਾਲੇ ਦੇ ਇੱਕ ਵਿਅਕਤੀ ਨੂੰ ਸਿਰਫ਼ 50 ਰੁਪਏ ਦੀ ਲਾਟਰੀ ’ਤੇ 25 ਲੱਖ ਰੁਪਏ ਦਾ ਇਨਾਮ ਲੱਗਿਆ ਸੀ। ਇਸ ਤੋਂ ਪਹਿਲਾਂ ਵੀ ਇੱਕ ਕਰੋੜ ਰੁਪਏ ਦਾ ਇਨਾਮ ਇਸੇ ਲਾਟਰੀ ਵਿਕਰੇਤਾ ਕੋਲੋਂ ਨਿਕਲ ਚੁੱਕਾ ਹੈ।

Exit mobile version