Home ਦੇਸ਼ ਦੋ ਓਲੰਪਿਕ ਮੈਡਲ ਜਿਤਾਉਣ ਵਿੱਚ ਅਹਿਮ ਭੂਮਿਕਾ, ਹਾਰਦਿਕ ਸਿੰਘ ‘ਖੇਡ ਰਤਨ’ ਲਈ...

ਦੋ ਓਲੰਪਿਕ ਮੈਡਲ ਜਿਤਾਉਣ ਵਿੱਚ ਅਹਿਮ ਭੂਮਿਕਾ, ਹਾਰਦਿਕ ਸਿੰਘ ‘ਖੇਡ ਰਤਨ’ ਲਈ ਨਾਮਜ਼ਦ

0

2018 ਤੋਂ ਭਾਰਤ ਲਈ ਹਾਕੀ ਖੇਡ ਰਹੇ ਨੇ ਪੰਜਾਬ ਦੇ ਲਾਲ

ਨਵੀਂ ਦਿੱਲੀ: (ਜਗਜੀਤ ਸਿੰਘ): ਟੋਕੀਓ (2021) ਅਤੇ ਪੈਰਿਸ (2024) ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੂੰ ਕਾਂਸੀ ਦਾ ਮੈਡਲ ਦਿਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਸਟਾਰ ਮੀਡਫੀਲਡਰ ਹਾਰਦਿਕ ਸਿੰਘ ਨੂੰ ਦੇਸ਼ ਦੇ ਸਭ ਤੋਂ ਵੱਡੇ ਖੇਡ ਸਨਮਾਨ ਮੇਜਰ ਧਿਆਨ ਚੰਦ ਖੇਡ ਰਤਨ ਐਵਾਰਡ’ ਲਈ ਨਾਮਜ਼ਦ ਕੀਤਾ ਗਿਆ ਹੈ।

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਗਠਿਤ ਚੋਣ ਕਮੇਟੀ ਨੇ ਪਿਛਲੇ ਦੋ ਸਾਲਾਂ ਦੌਰਾਨ ਭਾਰਤੀ ਹਾਕੀ ਟੀਮ ਵਿੱਚ ਹਾਰਦਿਕ ਸਿੰਘ ਦੇ ਲਗਾਤਾਰ ਅਤੇ ਸ਼ਾਨਦਾਰ ਯੋਗਦਾਨ ਨੂੰ ਦੇਖਦਿਆਂ ਇਸ ਵੱਕਾਰੀ ਪੁਰਸਕਾਰ ਲਈ ਉਨ੍ਹਾਂ ਦੇ ਨਾਮ ਦੀ ਸਿਫ਼ਾਰਸ਼ ਕੀਤੀ ਹੈ।

ਕੌਣ ਹੈ ਹਾਰਦਿਕ ਸਿੰਘ?

  • ਹਾਰਦਿਕ ਸਿੰਘ ਦੀ ਉਮਰ 27 ਸਾਲ ਹੈ ਅਤੇ ਉਹ ਸਾਲ 2018 ਤੋਂ ਭਾਰਤ ਲਈ ਅੰਤਰਰਾਸ਼ਟਰੀ ਹਾਕੀ ਖੇਡ ਰਹੇ ਹਨ
  • ਉਹ ਟੀਮ ਵਿੱਚ ਮੀਡਫੀਲਡਰ ਦੀ ਅਹਿਮ ਭੂਮਿਕਾ ਨਿਭਾਉਂਦੇ ਹਨ।
  • ਹਾਰਦਿਕ ਦਾ ਜਨਮ ਪੰਜਾਬ ਦੇ ਪਿੰਡ ਖੁਸਰੋਪੁਰ ਵਿੱਚ ਹੋਇਆ।
  • ਹਾਕੀ ਉਨ੍ਹਾਂ ਦੇ ਪਰਿਵਾਰ ਦੀ ਵਿਰਾਸਤ ਹੈ।
  • ਪਿਤਾ ਵਰਿੰਦਰਪਾਲ ਸਿੰਘ ਰਾਏ ਖੁਦ ਹਾਕੀ ਖਿਡਾਰੀ ਰਹਿ ਚੁੱਕੇ ਹਨ।
  • ਦਾਦਾ ਪ੍ਰੀਤਮ ਸਿੰਘ ਰਾਏ ਪ੍ਰਸਿੱਧ ਹਾਕੀ ਕੋਚ ਰਹੇ ਹਨ ਅਤੇ ਉਨ੍ਹਾਂ ਦੀ ਕੋਚਿੰਗ ਹੇਠ ਹੀ ਹਾਰਦਿਕ ਦੇ ਕਰੀਅਰ ਦੀ ਸ਼ੁਰੂਆਤ ਹੋਈ।
  • ਚਾਚੇ ਗੁਰਮੈਲ ਸਿੰਘ ਅਤੇ ਜੁਗਰਾਜ ਸਿੰਘ ਭਾਰਤ ਲਈ ਅੰਤਰਰਾਸ਼ਟਰੀ ਹਾਕੀ ਖਿਡਾਰੀ ਰਹੇ ਹਨ।
  • ਚਾਚਾ ਗੁਰਮੈਲ ਸਿੰਘ 1980 ਓਲੰਪਿਕ ਵਿੱਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ।

ਹਾਰਦਿਕ ਸਿੰਘ ਦੀਆਂ ਵੱਡੀਆਂ ਪ੍ਰਾਪਤੀਆਂ

  • 🥉 ਓਲੰਪਿਕ ਖੇਡਾਂ: 2021 (ਟੋਕੀਓ) ਅਤੇ 2024 (ਪੈਰਿਸ) – 2 ਕਾਂਸੀ ਦੇ ਮੈਡਲ
  • 🥈 ਕਾਮਨਵੈਲਥ ਗੇਮਜ਼ 2022 (ਬਰਮਿੰਘਮ) – 1 ਸਿਲਵਰ
  • 🥇 ਏਸ਼ੀਅਨ ਗੇਮਜ਼ 2022 – 1 ਗੋਲਡ
  • 🥇 ਏਸ਼ੀਆ ਕੱਪ 2025 (ਰਾਜਗੀਰ) – 1 ਗੋਲਡ
  • 🥇 ਏਸ਼ੀਅਨ ਚੈਂਪੀਅਨਜ਼ ਟ੍ਰਾਫੀ – 2018 ਅਤੇ 2023 ਵਿੱਚ ਗੋਲਡ
  • 🥉 ਏਸ਼ੀਅਨ ਚੈਂਪੀਅਨਜ਼ ਟ੍ਰਾਫੀ 2021 (ਢਾਕਾ) – ਕਾਂਸੀ

ਹਾਰਦਿਕ ਸਿੰਘ ਹੁਣ ਤੱਕ ਭਾਰਤ ਲਈ 166 ਅੰਤਰਰਾਸ਼ਟਰੀ ਮੁਕਾਬਲੇ ਖੇਡ ਚੁੱਕੇ ਹਨ ਅਤੇ ਕਈ ਇਤਿਹਾਸਕ ਜਿੱਤਾਂ ਵਿੱਚ ਟੀਮ ਦਾ ਮਜ਼ਬੂਤ ਸਥੰਭ ਰਹੇ ਹਨ।

ਹੁਣ ਤੱਕ ਖੇਡ ਰਤਨ ਨਾਲ ਸਨਮਾਨਿਤ ਹਾਕੀ ਖਿਡਾਰੀ

  • ਧਨਰਾਜ ਪਿੱਲੈ (2000)
  • ਸਰਦਾਰ ਸਿੰਘ (2017)
  • ਰਾਣੀ ਰਾਮਪਾਲ (2020)
  • ਪੀ.ਆਰ. ਸ੍ਰੀਜੇਸ਼ (2021)
  • ਮਨਪ੍ਰੀਤ ਸਿੰਘ (2021)
  • ਹਰਮਨਪ੍ਰੀਤ ਸਿੰਘ (2024)

ਅਰਜੁਨ ਐਵਾਰਡ ਲਈ 24 ਖਿਡਾਰੀਆਂ ਦੇ ਨਾਮਾਂ ਦੀ ਸਿਫ਼ਾਰਸ਼

ਇਸ ਦੇ ਨਾਲ ਹੀ ਚੋਣ ਕਮੇਟੀ ਵੱਲੋਂ ਐਥਲੈਟਿਕਸ, ਬਾਕਸਿੰਗ, ਹਾਕੀ, ਕਬੱਡੀ, ਸ਼ੂਟਿੰਗ, ਕੁਸ਼ਤੀ, ਬੈਡਮਿੰਟਨ, ਯੋਗਾਸਨ, ਖੋ-ਖੋ, ਪੈਰਾ ਖੇਡਾਂ ਅਤੇ ਸ਼ਤਰੰਜ ਸਮੇਤ ਵੱਖ-ਵੱਖ ਖੇਡਾਂ ਦੇ 24 ਖਿਡਾਰੀਆਂ ਨੂੰ ਅਰਜੁਨ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ।

Exit mobile version