Home ਪੰਜਾਬ ਮਾਈ ਕਾ ਤਲਾਬ ਮੰਦਰ ਦੀ ਜ਼ਮੀਨ ’ਤੇ ਕਬਜ਼ੇ ਦੇ ਦੋਸ਼

ਮਾਈ ਕਾ ਤਲਾਬ ਮੰਦਰ ਦੀ ਜ਼ਮੀਨ ’ਤੇ ਕਬਜ਼ੇ ਦੇ ਦੋਸ਼

0

ਹਿੰਦੂ ਸੰਗਠਨਾਂ ਵੱਲੋਂ ਪ੍ਰਸ਼ਾਸਨ ਤੋਂ ਜਾਂਚ ਅਤੇ ਕਾਰਵਾਈ ਦੀ ਮੰਗ

ਗੁਰਦਾਸਪੁਰ, 23 ਦਸੰਬਰ 2025  (ਛਤਰਪਾਲ ਸਿੰਘ)  : ਸਥਾਨਕ ਮਾਈ ਕਾ ਤਲਾਬ ਮੰਦਰ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਦੋਸ਼ ਲਗਾਉਂਦੇ ਹੋਏ ਵੱਖ-ਵੱਖ ਹਿੰਦੂ ਸੰਗਠਨਾਂ ਨੇ ਗੰਭੀਰ ਚਿੰਤਾ ਜਤਾਈ ਹੈ। ਸੰਗਠਨਾਂ ਦਾ ਕਹਿਣਾ ਹੈ ਕਿ ਮੰਦਰ ਦੀ ਜ਼ਮੀਨ ਹੋਣ ਦੇ ਬਾਵਜੂਦ ਇਸ ਸਬੰਧੀ ਕਥਿਤ ਤੌਰ ’ਤੇ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਹਨ, ਜੋ ਨਿੰਦਨਯੋਗ ਅਤੇ ਕਾਨੂੰਨ ਦੇ ਖਿਲਾਫ਼ ਹੈ।

ਇਸ ਮੌਕੇ ਸ਼ਿਵ ਸੈਨਾ, ਬਜਰੰਗ ਦਲ, ਭਾਰਤੀ ਜਨਤਾ ਪਾਰਟੀ, ਸਨਾਤਨ ਕ੍ਰਾਂਤੀ ਦਲ, ਵਿਸ਼ਵ ਹਿੰਦੂ ਪ੍ਰੀਸ਼ਦ, ਸ਼੍ਰੀ ਗੁਰੂ ਨਾਭਾ ਦਾਸ ਸਭਾ, ਕਾਰ ਸੇਵਾ ਕਮੇਟੀ, ਸਨਾਤਨ ਕ੍ਰਾਂਤੀ ਦਲ ਮਹਿਲਾ ਵਿੰਗ ਅਤੇ ਮਾਈ ਕਾ ਤਲਾਬ ਮੰਦਰ ਕਮੇਟੀ ਦੇ ਮੈਂਬਰਾਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਥੋੜ੍ਹੇ ਸਮੇਂ ਵਿੱਚ ਮੰਦਰ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਦੀ ਕੋਸ਼ਿਸ਼ ਹੋਈ ਹੈ।

ਸੰਗਠਨਾਂ ਨੇ ਦਾਅਵਾ ਕੀਤਾ ਕਿ ਦਸਤਾਵੇਜ਼ਾਂ ਅਨੁਸਾਰ ਮੰਦਰ ਦੀ ਜ਼ਮੀਨ ਦਾ ਅਸਲ ਮਾਲਕ ਸ਼ਿਵਲਿੰਗ ਦਰਜ ਹੈ ਅਤੇ ਹੋਰ ਸਾਰੇ ਵਿਅਕਤੀ ਸਿਰਫ਼ ਸ਼ਰਧਾਲੂ ਹਨ। ਉਨ੍ਹਾਂ ਅਨੁਸਾਰ ਕਿਸੇ ਵੀ ਸ਼ਰਧਾਲੂ ਨੂੰ ਮੰਦਰ ਦੀ ਜ਼ਮੀਨ ਵੇਚਣ ਜਾਂ ਟ੍ਰਾਂਸਫ਼ਰ ਕਰਨ ਦਾ ਅਧਿਕਾਰ ਨਹੀਂ ਹੈ। ਇਸ ਦੇ ਬਾਵਜੂਦ, ਕੁਝ ਲੋਕ ਕਥਿਤ ਤੌਰ ’ਤੇ ਸਰਕਾਰੀ ਤੰਤਰ ਨਾਲ ਮਿਲੀਭੁਗਤ ਕਰਕੇ ਇਸ ਜ਼ਮੀਨ ਨੂੰ ਖਾਲੀ ਪਲਾਟ ਦਰਸਾ ਕੇ ਲੋਕਾਂ ਨਾਲ ਧੋਖਾਧੜੀ ਕਰ ਰਹੇ ਹਨ।

ਸੰਗਠਨਾਂ ਨੇ ਕਿਹਾ ਕਿ ਮੰਦਰ ਦੀ ਰੱਖਿਆ ਲਈ ਉਹ ਪਹਿਲਾਂ ਵੀ ਸੰਘਰਸ਼ ਕਰਦੇ ਰਹੇ ਹਨ, ਪਰ ਕਈ ਵਾਰ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਦਬਾਅ ਹੇਠ ਕਬਜ਼ੇ ਹੋਏ। ਉਨ੍ਹਾਂ ਦੋਸ਼ ਲਗਾਇਆ ਕਿ ਕੁਝ ਲੋਕ ਧਾਰਮਿਕ ਭੇਸ ਧਾਰ ਕੇ ਮੰਦਰ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਹਿੰਦੂ ਸੰਗਠਨਾਂ ਨੇ ਪ੍ਰਸ਼ਾਸਨ ਅਤੇ ਨਿਆਂਪਾਲਿਕਾ ਨੂੰ ਅਪੀਲ ਕੀਤੀ ਕਿ ਮੰਦਰ ਦੀ ਜ਼ਮੀਨ ਨਾਲ ਸੰਬੰਧਤ ਸਾਰੇ ਗੈਰ-ਕਾਨੂੰਨੀ ਕਬਜ਼ਿਆਂ ਅਤੇ ਕਥਿਤ ਗੈਰ-ਕਾਨੂੰਨੀ ਰਜਿਸਟ੍ਰੇਸ਼ਨਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਤਾਂ ਜੋ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ ਇੱਕ ਨਵੀਂ ਬਣੀ ਸਮੂਹਿਕ ਸੰਸਥਾ ਵੱਲੋਂ ਸੰਘਰਸ਼ ਸ਼ੁਰੂ ਕੀਤਾ ਗਿਆ ਹੈ ਅਤੇ ਮੰਦਰ ਦੀ ਇੱਕ ਇੰਚ ਜ਼ਮੀਨ ਵੀ ਕਬਜ਼ੇ ਹੇਠ ਨਹੀਂ ਜਾਣ ਦਿੱਤੀ ਜਾਵੇਗੀ।

ਇਸ ਦੇ ਨਾਲ ਹੀ ਸੰਗਠਨਾਂ ਨੇ ਮੰਦਰ ਦੇ ਨੇੜੇ ਮੀਟ ਅਤੇ ਬਿਰਿਆਨੀ ਦੀਆਂ ਦੁਕਾਨਾਂ ਬਾਰੇ ਵੀ ਇਤਰਾਜ਼ ਜਤਾਇਆ ਅਤੇ ਕਿਹਾ ਕਿ ਧਾਰਮਿਕ ਸਥਾਨਾਂ ਦੇ ਨੇੜੇ ਮਾਸ, ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦੀ ਵਿਕਰੀ ਨਿਯਮਾਂ ਦੇ ਉਲਟ ਹੈ। ਉਨ੍ਹਾਂ ਮੰਦਰ ਕਮੇਟੀ ਨੂੰ ਵੀ ਸਫ਼ਾਈ ਅਤੇ ਪ੍ਰਬੰਧਨ ਸੰਬੰਧੀ ਜ਼ਿੰਮੇਵਾਰੀਆਂ ਨਿਭਾਉਣ ਦੀ ਅਪੀਲ ਕੀਤੀ।

ਇਸ ਮੌਕੇ ਪੰਡਿਤ ਕ੍ਰਿਸ਼ਨ ਭਾਰਦਵਾਜ, ਸਰਪੰਚ ਵਰਿੰਦਰ ਮੁੰਨਾ, ਪੰਡਿਤ ਰਾਕੇਸ਼ ਸ਼ਰਮਾ, ਮਨੂੰ ਮਹਾਜਨ, ਅਨਿਲ ਸ਼ਰਮਾ, ਸ਼ੇਖਰ ਮਹਾਜਨ, ਰਿੱਕੀ ਮਹੰਤ, ਕਪਿਲ ਸ਼ਰਮਾ ਗੋਲਡੀ, ਰਵੀ ਬਾਠਵਾਲਾ, ਅਮਨ ਸਰਨਾ, ਰਮਨ ਸ਼ਰਮਾ, ਜਗਜੀਵਨ, ਮੰਗਲ ਸਿੰਘ, ਪਵਨ ਕੁਮਾਰ, ਗੌਰੇਸ਼ ਭਾਰਦਵਾਜ, ਗੁਰਵਿੰਦਰ ਕੁਮਾਰ, ਕਸ਼ਮੀਰ ਸਿੰਘ, ਘੁੱਗਾ ਪਹਿਲਵਾਨ, ਰਵੀ ਅਤੇ ਸੁਖਵਿੰਦਰ ਸਮੇਤ ਹੋਰ ਕਈ ਮੈਂਬਰ ਹਾਜ਼ਰ ਸਨ।

Exit mobile version