ਚੰਡੀਗੜ੍ਹ: 20 ਦਸੰਬਰ: (ਛਤਰਪਾਲ ਸਿੰਘ): ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਿੱਚ ਚੱਲ ਰਹੇ ਅੰਦਰੂਨੀ ਕਲੇਸ਼ ਅਤੇ ਵਧਦੀਆਂ ਨਰਾਜ਼ਗੀਆਂ ਦਰਮਿਆਨ ਇੱਕ ਵੱਡੀ ਸਿਆਸੀ ਹਲਚਲ ਸਾਹਮਣੇ ਆਈ ਹੈ। ਮਨਪ੍ਰੀਤ ਸਿੰਘ ਇਯਾਲੀ ਦੇ ਤਿੱਖੇ ਬਿਆਨਾਂ ਅਤੇ ਜਸਬੀਰ ਸਿੰਘ ਘੁੰਮਣ ਵੱਲੋਂ ਲਿਖੀ ਗਈ ਚਿੱਠੀ ਤੋਂ ਬਾਅਦ ਹੁਣ ਗਿਆਨੀ ਹਰਪ੍ਰੀਤ ਸਿੰਘ ਦਾ ਧੜਾ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਿਹਾ ਹੈ।
ਸੂਤਰਾਂ ਮੁਤਾਬਕ ਇਸ ਸਮੇਂ ਚੰਡੀਗੜ੍ਹ ਵਿੱਚ ਪਾਰਟੀ ਦੇ ਭਵਿੱਖ ਨੂੰ ਲੈ ਕੇ ਇੱਕ ਗੁਪਤ ਮੀਟਿੰਗ ਚੱਲ ਰਹੀ ਹੈ, ਜਿਸ ਵਿੱਚ ਅਹਿਮ ਰਣਨੀਤੀਆਂ ਉਲੀਕੀਆਂ ਜਾ ਰਹੀਆਂ ਹਨ। ਇਸ ਮੀਟਿੰਗ ਨੂੰ ਪਾਰਟੀ ਅੰਦਰ ਵਧ ਰਹੀ ਬੇਚੈਨੀ ਨੂੰ ਸੰਭਾਲਣ ਲਈ “ਮਿਸ਼ਨ ਕੰਟ੍ਰੋਲ” ਦੀ ਸ਼ੁਰੂਆਤ ਵਜੋਂ ਵੀ ਦੇਖਿਆ ਜਾ ਰਿਹਾ ਹੈ।
ਮੀਟਿੰਗ ਦੌਰਾਨ ਇੱਕ ਨਵੀਂ Political Affairs Committee (PAC) ਦੇ ਗਠਨ ’ਤੇ ਗੰਭੀਰ ਚਰਚਾ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਰਟੀ ਵਿੱਚ ਚੱਲ ਰਹੀ ਬਗਾਵਤ ਨੂੰ ਠੰਢਾ ਕਰਨ ਲਈ ਕਈ ਵੱਡੇ ਅਤੇ ਨਰਾਜ਼ ਆਗੂਆਂ ਨੂੰ ਇਸ PAC ਵਿੱਚ ਸ਼ਾਮਲ ਕਰਕੇ ਉਨ੍ਹਾਂ ਨੂੰ ਸਹਿਮਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਅਹਿਮ ਬੈਠਕ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਕਈ ਪ੍ਰਮੁੱਖ ਆਗੂ ਸ਼ਾਮਲ ਹਨ, ਜੋ ਪਾਰਟੀ ਨੂੰ ਮੁੜ ਮਜ਼ਬੂਤ ਕਰਨ ਅਤੇ ਇਕਜੁਟ ਕਰਨ ਲਈ ਸਿਰ ਜੋੜ ਕੇ ਬੈਠੇ ਹਨ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਯਾਲੀ ਅਤੇ ਘੁੰਮਣ ਦੇ ਸਖ਼ਤ ਰੁਖ਼ ਨੇ ਪਾਰਟੀ ਹਾਈਕਮਾਂਡ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਅਜਿਹੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਧੜੇ ਵੱਲੋਂ ਹੋ ਰਹੀ ਇਹ ਗੁਪਤ ਮੀਟਿੰਗ ਅਕਾਲੀ ਦਲ ਪੁਨਰ ਸੁਰਜੀਤ ਦੀ ਅੰਦਰੂਨੀ ਸਿਆਸਤ ਵਿੱਚ ਵੱਡਾ ਫੇਰਬਦਲ ਲਿਆ ਸਕਦੀ ਹੈ।







