Home ਪਟਿਆਲਾ ਅਪਡੇਟ 10 ਲੱਖ ਤੋਂ ਵੱਧ ਦੇ ਵਿਕਾਸ ਕਾਰਜਾਂ ਲਈ ਥਰਡ ਪਾਰਟੀ ਆਡਿਟ ਲਾਜ਼ਮੀ

10 ਲੱਖ ਤੋਂ ਵੱਧ ਦੇ ਵਿਕਾਸ ਕਾਰਜਾਂ ਲਈ ਥਰਡ ਪਾਰਟੀ ਆਡਿਟ ਲਾਜ਼ਮੀ

0

ਗੁਣਵੱਤਾ ਯਕੀਨੀ ਬਣਾਉਣ ਮਗਰੋਂ ਹੀ ਹੋਵੇਗੀ ਠੇਕੇਦਾਰਾਂ ਨੂੰ ਅਦਾਇਗੀ : ਮੇਅਰ ਕੁੰਦਨ ਗੋਗੀਆ

ਪਟਿਆਲਾ, 19 ਦਸੰਬਰ: (ਜਗਜੀਤ ਸਿੰਘ ) : ਨਗਰ ਨਿਗਮ ਪਟਿਆਲਾ ਵੱਲੋਂ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦੀ ਗੁਣਵੱਤਾ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਉਣ ਲਈ ਮੇਅਰ ਕੁੰਦਨ ਗੋਗੀਆ ਨੇ ਇੱਕ ਅਹਿਮ ਫੈਸਲਾ ਲਿਆ ਹੈ। ਇਸ ਅਧੀਨ ਹੁਣ 10 ਲੱਖ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਸਾਰੇ ਸਿਵਲ ਵਿਕਾਸ ਕੰਮਾਂ ਦੀ ਥਰਡ ਪਾਰਟੀ ਆਡਿਟ ਕਰਵਾਉਣੀ ਲਾਜ਼ਮੀ ਹੋਵੇਗੀ ਅਤੇ ਆਡਿਟ ਰਿਪੋਰਟ ਦੇ ਆਧਾਰ ’ਤੇ ਹੀ ਠੇਕੇਦਾਰਾਂ ਨੂੰ ਅਦਾਇਗੀ ਕੀਤੀ ਜਾਵੇਗੀ।

ਇਸ ਸਬੰਧੀ ਨਗਰ ਨਿਗਮ ਦਫ਼ਤਰ ਵਿੱਚ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਨਿਗਰਾਨ ਇੰਜੀਨੀਅਰ ਰਾਜਿੰਦਰ ਚੋਪੜਾ, ਨਿਗਰਾਨ ਇੰਜੀਨੀਅਰ ਜਤਿੰਦਰਪਾਲ ਸਿੰਘ ਸਮੇਤ ਹੋਰ ਉੱਚ ਅਧਿਕਾਰੀ ਹਾਜ਼ਰ ਰਹੇ। ਮੀਟਿੰਗ ਦੌਰਾਨ ਮੇਅਰ ਨੇ ਸਪਸ਼ਟ ਕੀਤਾ ਕਿ ਨਿਗਮ ਦੇ ਪੈਸੇ ਨਾਲ ਹੋਣ ਵਾਲੇ ਹਰ ਵਿਕਾਸ ਕੰਮ ਵਿੱਚ ਪਾਰਦਰਸ਼ਤਾ, ਮਜ਼ਬੂਤੀ ਅਤੇ ਮਿਆਰੀ ਗੁਣਵੱਤਾ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਦੱਸਿਆ ਕਿ ਥਰਡ ਪਾਰਟੀ ਆਡਿਟ ਲਈ ਕੁਟੇਸ਼ਨਾਂ ਕਾਲ ਕੀਤੀਆਂ ਜਾ ਚੁੱਕੀਆਂ ਹਨ।

ਨਿਗਰਾਨ ਇੰਜੀਨੀਅਰਾਂ ਨੇ ਮੇਅਰ ਨੂੰ ਜਾਣਕਾਰੀ ਦਿੱਤੀ ਕਿ ਥਰਡ ਪਾਰਟੀ ਆਡਿਟ ਰਾਹੀਂ ਵਿਕਾਸ ਕਾਰਜਾਂ ਦੀ ਤਕਨੀਕੀ ਜਾਂਚ, ਵਰਤੇ ਗਏ ਮਟੀਰੀਅਲ ਦੀ ਗੁਣਵੱਤਾ ਅਤੇ ਨਿਰਧਾਰਿਤ ਮਾਪਦੰਡਾਂ ਦੀ ਪਾਲਣਾ ਦੀ ਪੂਰੀ ਜਾਂਚ ਕੀਤੀ ਜਾਵੇਗੀ। ਆਡਿਟ ਏਜੰਸੀ ਵੱਲੋਂ ਕੰਮ ਮਿਆਰੀ ਪਾਏ ਜਾਣ ’ਤੇ ਹੀ ਸਬੰਧਤ ਠੇਕੇਦਾਰ ਨੂੰ ਭੁਗਤਾਨ ਕੀਤਾ ਜਾਵੇਗਾ।

ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਨਗਰ ਨਿਗਮ ਪਟਿਆਲਾ ਵਿੱਚ ਥਰਡ ਪਾਰਟੀ ਆਡਿਟ ਦੀ ਪ੍ਰਕਿਰਿਆ ਕਾਫ਼ੀ ਸਮੇਂ ਤੋਂ ਬੰਦ ਪਈ ਸੀ, ਜਿਸ ਨੂੰ ਹੁਣ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਫੈਸਲੇ ਨਾਲ ਘੱਟ ਗੁਣਵੱਤਾ ਵਾਲੇ ਕੰਮਾਂ ’ਤੇ ਰੋਕ ਲੱਗੇਗੀ ਅਤੇ ਨਿਗਮ ’ਤੇ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਹੋਵੇਗਾ।

ਉਨ੍ਹਾਂ ਸਪਸ਼ਟ ਕੀਤਾ ਕਿ ਵਿਕਾਸ ਦੇ ਨਾਂ ’ਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੇਅਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਥਰਡ ਪਾਰਟੀ ਆਡਿਟ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੋਵੇ ਅਤੇ ਹਰ ਵਿਕਾਸ ਕੰਮ ਦੀ ਰਿਪੋਰਟ ਦਸਤਾਵੇਜ਼ੀ ਰੂਪ ਵਿੱਚ ਸੰਭਾਲੀ ਜਾਵੇ।

ਮੀਟਿੰਗ ਦੇ ਅੰਤ ’ਤੇ ਮੇਅਰ ਨੇ ਕਿਹਾ ਕਿ ਨਗਰ ਨਿਗਮ ਦਾ ਮੁੱਖ ਮਕਸਦ ਪਟਿਆਲਾ ਸ਼ਹਿਰ ਨੂੰ ਸੁੰਦਰ, ਮਜ਼ਬੂਤ ਅਤੇ ਆਧੁਨਿਕ ਬਣਾਉਣਾ ਹੈ ਅਤੇ ਇਸ ਲਈ ਹਰ ਇਕ ਰੁਪਏ ਦੀ ਸਹੀ ਵਰਤੋਂ ਯਕੀਨੀ ਬਣਾਈ ਜਾਵੇਗੀ।

Exit mobile version