
ਸੰਗਰੂਰ, 18 ਦਸੰਬਰ: (ਜਤਿੰਦਰ ਗਰਗ) : ਸੰਗਰੂਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਬਾਲੀਆਂ ਜ਼ੋਨ ਤੋਂ ਜੇਤੂ ਰਹੇ ਹਰਜਿੰਦਰ ਸਿੰਘ ਅਤੇ ਘਨੌਰੀ ਕਲਾਂ ਜ਼ੋਨ ਤੋਂ ਜੇਤੂ ਜਸਮੀਤ ਕੌਰ ਚਹਿਲ ਨੇ ਆਪਣੇ ਜੇਤੂ ਸਰਟੀਫਿਕੇਟ ਅੱਜ ਰਿਟਰਨਿੰਗ ਅਫ਼ਸਰ ਕਮ ਐਸ.ਡੀ.ਐਮ ਸੰਗਰੂਰ ਚਰਨਜੋਤ ਸਿੰਘ ਵਾਲੀਆਂ ਤੋਂ ਪ੍ਰਾਪਤ ਕੀਤੇ। ਇਸ ਮੌਕੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਅਤੇ ਡਾਇਰੈਕਟਰ ਅਨਿਲ ਮਿੱਤਲ ਸਮੇਤ ਆਪ ਵਲੰਟੀਅਰਜ਼ ਮੌਜੂਦ ਸਨ।
ਇਸ ਮੌਕੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਧੂਰੀ ਵਾਸੀਆਂ ਨੇ ਜੋ ਫ਼ਤਵਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਦਿੱਤਾ ਹੈ, ਉਹ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀਆਂ ਲੋਕ ਭਲਾਈ ਨੀਤੀਆਂ ਤੋਂ ਆਮ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵਸਦੇ ਲੋਕਾਂ ਨੂੰ ਆਮ ਆਦਮੀ ਕਲੀਨਿਕ, ਸਕੂਲ ਆਫ਼ ਐਮੀਨੈਂਸ, ਪਿੰਡਾਂ ਵਿੱਚ ਲਾਇਬਰੇਰੀਆਂ, ਖੇਡ ਮੈਦਾਨਾਂ ਸਮੇਤ ਦਿੱਤੀਆਂ ਜਾ ਰਹੀਆਂ ਅਤਿ ਆਧੁਨਿਕ ਸਹੂਲਤਾਂ ਸਦਕਾ ਲੋਕਾਂ ਨੇ ਇਕ ਵਾਰ ਫੇਰ ਆਮ ਆਦਮੀ ਪਾਰਟੀ ਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਹੁਣ ਪਾਰਟੀ ਹੋਰ ਵੀ ਮਜ਼ਬੂਤ ਹੋ ਗਈ ਹੈ, ਕਿਉਂਕਿ ਸਰਕਾਰੀ ਸਕੀਮਾਂ ਨੂੰ ਪਿੰਡਾਂ ਵਿੱਚ ਲਾਗੂ ਕਰਵਾਉਣ ਲਈ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਕੰਮ ਕਰਨਗੇ।
ਜੇਤੂ ਸਰਟੀਫਿਕੇਟ ਪ੍ਰਾਪਤ ਕਰਨ ਉਪਰੰਤ ਹਰਜਿੰਦਰ ਸਿੰਘ ਅਤੇ ਜਸਮੀਤ ਕੌਰ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਜਿਸ ਉਮੀਦ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਹਨ, ਉਹ ਉਨ੍ਹਾਂ ਉਮੀਦਾਂ ਉਤੇ ਪੂਰੇ ਖਰੇ ਉਤਰਨਗੇ। ਉਨ੍ਹਾਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪਿਛਲੇ ਚਾਰ ਸਾਲਾਂ ਦੌਰਾਨ ਕੀਤੇ ਲੋਕ ਪੱਖੀ ਕੰਮਾਂ ਸਦਕਾ ਹੀ ਆਪ ਉਮੀਦਵਾਰਾਂ ਨੂੰ ਇਨ੍ਹਾਂ ਚੋਣਾਂ ਵਿੱਚ ਜਿੱਤ ਪ੍ਰਾਪਤ ਹੋਈ ਹੈ।