ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕੀਤਾ ਸਹਿਯੋਗੀਆਂ ਦਾ ਧੰਨਵਾਦ

ਬਰਨਾਲਾ, 18 ਨਵੰਬਰ 2025: (ਛਤਰਪਾਲ ਸਿੰਘ): ਬਰਨਾਲਾ ਵਾਸੀਆਂ ਲਈ ਰੇਲ ਯਾਤਰਾ ਦੇ ਖੇਤਰ ਵਿੱਚ ਇੱਕ ਵੱਡੀ ਸੁਵਿਧਾ ਜੁੜ ਗਈ ਹੈ। ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਲਾਨ ਕੀਤਾ ਹੈ ਕਿ ਫਿਰੋਜ਼ਪੁਰ ਤੋਂ ਦਿੱਲੀ ਦਰਮਿਆਨ ਚੱਲ ਰਹੀ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਹੁਣ ਬਰਨਾਲਾ ਰੇਲਵੇ ਸਟੇਸ਼ਨ ‘ਤੇ ਵੀ ਰੁਕੇਗੀ।
ਮੰਤਰੀ ਬਿੱਟੂ ਨੇ ਕਿਹਾ ਕਿ ਇਹ ਫੈਸਲਾ ਬਰਨਾਲਾ ਲਈ ਮਾਣ ਵਾਲੀ ਗੱਲ ਹੈ ਅਤੇ ਇਸ ਨਾਲ ਇਲਾਕੇ ਦੇ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ। ਉਨ੍ਹਾਂ ਇਸ ਸਟਾਪੇਜ ਨੂੰ ਯਕੀਨੀ ਬਣਾਉਣ ਲਈ ਯੋਗਦਾਨ ਪਾਉਣ ਵਾਲੇ ਸਾਰੇ ਸਥਾਨਕ ਆਗੂਆਂ, ਜ਼ਿਲ੍ਹਾ ਪ੍ਰਧਾਨਾਂ, ਸੰਸਦ ਮੈਂਬਰ ਨੀਰੂ ਜੀ ਅਤੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਜੀ ਦਾ ਪਾਰਟੀ ਰੇਖਾਵਾਂ ਤੋਂ ਉੱਪਰ ਉੱਠ ਕੇ ਧੰਨਵਾਦ ਕੀਤਾ।
ਉਨ੍ਹਾਂ ਦੱਸਿਆ ਕਿ ਵੰਦੇ ਭਾਰਤ ਟਰੇਨ ਦੇ ਬਰਨਾਲਾ ਵਿੱਚ ਠਹਿਰਾਅ ਨਾਲ ਆਮ ਲੋਕਾਂ ਅਤੇ ਵਪਾਰੀਆਂ ਦਾ ਦਿੱਲੀ ਨਾਲ ਆਵਾਜਾਈ ਦਾ ਸਫ਼ਰ ਤੇਜ਼, ਸੁਖਾਲਾ ਅਤੇ ਸਮਾਂ ਬਚਾਉਣ ਵਾਲਾ ਹੋ ਜਾਵੇਗਾ। ਇਸ ਨਾਲ ਨਾ ਸਿਰਫ਼ ਬਰਨਾਲਾ, ਸਗੋਂ ਨਾਲ ਲੱਗਦੇ ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ ਦੇ ਯਾਤਰੀਆਂ ਨੂੰ ਵੀ ਵੱਡਾ ਲਾਭ ਮਿਲੇਗਾ।
ਮੰਤਰੀ ਬਿੱਟੂ ਨੇ ਕਿਹਾ ਕਿ ਉਹ ਬਰਨਾਲਾ ਵਾਸੀਆਂ ਦੀ ਖੁਸ਼ੀ ਵਿੱਚ ਸ਼ਾਮਲ ਹਨ ਅਤੇ ਭਵਿੱਖ ਵਿੱਚ ਵੀ ਪੰਜਾਬ ਵਿੱਚ ਰੇਲਵੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਕੋਸ਼ਿਸ਼ ਜਾਰੀ ਰਹੇਗੀ। ਉਨ੍ਹਾਂ ਭਰੋਸਾ ਦਿਵਾਇਆ ਕਿ ਵਿਕਾਸ ਦੇ ਇਸ ਸਫ਼ਰ ਵਿੱਚ ਪੰਜਾਬ ਨੂੰ ਕਦੇ ਪਿੱਛੇ ਨਹੀਂ ਰਹਿਣ ਦਿੱਤਾ ਜਾਵੇਗਾ।