ਚੰਡੀਗੜ੍ਹ (ਭੁੱਲਰ): ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਕੁਝ ਥਾਵਾਂ ’ਤੇ ਸਾਹਮਣੇ ਆਈਆਂ ਗੜਬੜੀਆਂ ਅਤੇ ਚੋਣ ਨਿਸ਼ਾਨਾਂ ਨਾਲ ਸਬੰਧਿਤ ਤਕਨੀਕੀ ਖਾਮੀਆਂ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਰਾਜ ਚੋਣ ਕਮਿਸ਼ਨ ਨੇ ਵੱਡਾ ਫ਼ੈਸਲਾ ਲਿਆ ਹੈ। ਕਮਿਸ਼ਨ ਵੱਲੋਂ ਪੰਜ ਵੱਖ-ਵੱਖ ਥਾਵਾਂ ’ਤੇ ਕੁੱਲ 16 ਪੋਲਿੰਗ ਬੂਥਾਂ ਉੱਤੇ ਅੱਜ ਮੁੜ ਵੋਟਿੰਗ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਰਾਜ ਚੋਣ ਕਮਿਸ਼ਨ ਵੱਲੋਂ ਦੱਸਿਆ ਗਿਆ ਹੈ ਕਿ ਮੁੜ ਵੋਟਿੰਗ ਵਾਲੀਆਂ ਥਾਵਾਂ ’ਤੇ ਸੁਰੱਖਿਆ ਅਤੇ ਚੋਣ ਪ੍ਰਬੰਧਾਂ ਨੂੰ ਲੈ ਕੇ ਪੂਰੀ ਤਿਆਰੀ ਕਰ ਲਈ ਗਈ ਹੈ, ਤਾਂ ਜੋ ਵੋਟਿੰਗ ਪ੍ਰਕਿਰਿਆ ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋ ਸਕੇ।
ਮੁੜ ਵੋਟਿੰਗ ਲਈ ਚੁਣੇ ਗਏ ਬੂਥਾਂ ਵਿੱਚ ਹਲਕਾ ਗਿੱਦੜਬਾਹਾ ਅਧੀਨ ਪੈਂਦੇ ਪਿੰਡ ਬਬਾਨੀਆ ਦਾ ਨਾਮ ਵੀ ਸ਼ਾਮਲ ਹੈ, ਜਿੱਥੇ ਵਿਰੋਧੀ ਪਾਰਟੀਆਂ ਵੱਲੋਂ ਸੱਤਾਧਾਰੀ ਧਿਰ ਉੱਤੇ ਪੋਲਿੰਗ ਬੂਥ ’ਤੇ ਕਬਜ਼ਾ ਕਰਨ ਦੇ ਦੋਸ਼ ਲਗਾਏ ਗਏ ਸਨ, ਜਿਸ ਕਾਰਨ ਵੋਟਿੰਗ ਦੌਰਾਨ ਕਾਰਵਾਈ ਰੁਕ ਗਈ ਸੀ।
ਇਸ ਤੋਂ ਇਲਾਵਾ ਬਲਾਕ ਸੰਮਤੀ ਅਟਾਰੀ ਦੇ ਜ਼ੋਨ ਖਾਸਾ ਦੇ ਬੂਥ ਨੰਬਰ 52, 53, 54 ਅਤੇ 55, ਵਰਪਾਲ ਕਲਾਂ ਜ਼ੋਨ ਦੇ ਬੂਥ ਨੰਬਰ 90, 91, 93, 94 ਅਤੇ 95, ਬਲਾਕ ਸੰਮਤੀ ਚੰਨਣਵਾਲਾ ਅਧੀਨ ਪਿੰਡ ਰਾਏਸਰ (ਪਟਿਆਲਾ) ਦਾ ਬੂਥ ਨੰਬਰ 20, ਬਲਾਕ ਕੋਟ ਭਾਈ ਦੇ ਪਿੰਡ ਬਬਾਨੀਆ ਦੇ ਬੂਥ ਨੰਬਰ 63 ਅਤੇ 64, ਪਿੰਡ ਮਧੀਰ ਦੇ ਬੂਥ ਨੰਬਰ 21 ਅਤੇ 22, ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੰਨੀਆ ਦਾ ਪੋਲਿੰਗ ਸਟੇਸ਼ਨ ਨੰਬਰ 124 ਅਤੇ ਪੰਚਾਇਤ ਸੰਮਤੀ ਭੋਗਪੁਰ ਦਾ ਬੂਥ ਨੰਬਰ 72 ਵੀ ਮੁੜ ਵੋਟਿੰਗ ਦੀ ਸੂਚੀ ਵਿੱਚ ਸ਼ਾਮਲ ਹਨ।
ਰਾਜ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਲੋਕਤੰਤਰਿਕ ਪ੍ਰਕਿਰਿਆ ਦੀ ਪਾਰਦਰਸ਼ਤਾ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਜਿੱਥੇ ਵੀ ਗੜਬੜੀ ਜਾਂ ਤਕਨੀਕੀ ਖਾਮੀਆਂ ਸਾਬਤ ਹੋਈਆਂ ਹਨ, ਉੱਥੇ ਸਖ਼ਤ ਕਦਮ ਚੁੱਕੇ ਜਾ ਰਹੇ ਹਨ।







