ਚੰਡੀਗੜ੍ਹ/ਮੋਹਾਲੀ: 13 ਦਸੰਬਰ, (ਜਗਜੀਤ ਸਿੰਘ): ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼-2025 ਵਿੱਚ ਇਤਿਹਾਸਕ ਜਿੱਤ ਹਾਸਲ ਕਰਕੇ ਵਾਪਸ ਆਏ ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਦੇ ਖਿਡਾਰੀਆਂ ਦਾ ਚੰਡੀਗੜ੍ਹ ਦੇ ਸੈਕਟਰ-42 ਸਟੇਡੀਅਮ ਵਿੱਚ ਵਿਦਿਆਰਥੀਆਂ, ਫੈਕਲਟੀ ਅਤੇ ਪ੍ਰਬੰਧਨ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਢੋਲ-ਨਗਾੜਿਆਂ ਨਾਲ ਖੁੱਲੀ ਬੱਸ ਵਿੱਚ ਕੱਢੀ ਗਈ ਜੇਤੂ ਮਾਰਚ ਦੌਰਾਨ ਸਟੇਡੀਅਮ ਖੁਸ਼ੀ ਦੇ ਮਾਹੌਲ ਨਾਲ ਗੂੰਜ ਉਠਿਆ।
ਰਾਜਸਥਾਨ ਵਿੱਚ ਹੋਈਆਂ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼-2025 ਵਿੱਚ ਸੀਯੂ ਨੇ 42 ਸੋਨੇ, 14 ਚਾਂਦੀ ਅਤੇ 11 ਕਾਂਸੀ ਸਮੇਤ ਕੁੱਲ 67 ਤਮਗੇ ਜਿੱਤ ਕੇ ਓਵਰਆਲ ਚੈਂਪੀਅਨਸ਼ਿਪ ਟਰਾਫੀ ’ਤੇ ਕਬਜ਼ਾ ਕੀਤਾ। ਲਗਾਤਾਰ ਦੂਜੇ ਸਾਲ ਓਵਰਆਲ ਟਰਾਫੀ ਜਿੱਤ ਕੇ ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਦੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ।
ਇਸ ਮੌਕੇ ਸੀਯੂ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਪੂਰੀ ਯੂਨੀਵਰਸਿਟੀ ਲਈ ਮਾਣ ਦਾ ਵਿਸ਼ਾ ਹੈ ਅਤੇ ਭਵਿੱਖ ਵਿੱਚ ਵੀ ਸੀਯੂ ਖੇਡਾਂ ਦੇ ਖੇਤਰ ਵਿੱਚ ਨਵੇਂ ਕੀਰਤੀਮਾਨ ਕਾਇਮ ਕਰਦੀ ਰਹੇਗੀ।







