ਅਧਾਰ, ਪੈਨ, ਡਰਾਈਵਿੰਗ ਲਾਇਸੈਂਸ ਸਮੇਤ ਕਈ ਦਸਤਾਵੇਜ਼ਾਂ ਨੂੰ ਮਾਨਤਾ
ਪਟਿਆਲਾ, 12 ਦਸੰਬਰ: (ਗੁਰਪ੍ਰੀਤ ਸਿੰਘ) :ਜ਼ਿਲ੍ਹਾ ਪਟਿਆਲਾ ਵਿੱਚ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਵੋਟਰਾਂ ਲਈ ਵੱਡੀ ਸਹੂਲਤ ਦਾ ਐਲਾਨ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ-ਕਮ–ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ 14 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਵੋਟਰ ਪਛਾਣ ਪੱਤਰ ਤੋਂ ਇਲਾਵਾ ਹੋਰ ਕਈ ਅਧਿਕਾਰਤ ਦਸਤਾਵੇਜ਼ਾਂ ਨਾਲ ਵੀ ਆਪਣੀ ਵੋਟ ਪਾਈ ਜਾ ਸਕੇਗੀ।
ਉਨ੍ਹਾਂ ਕਿਹਾ ਕਿ ਭਾਵੇਂ ਐਪਿਕ ਵੋਟਰ ਕਾਰਡ ਮੁੱਖ ਦਸਤਾਵੇਜ਼ ਹੈ, ਪਰ ਕੁਝ ਹਾਲਾਤਾਂ ਵਿੱਚ ਵੋਟਰਾਂ ਕੋਲ ਇਹ ਉਪਲਬਧ ਨਹੀਂ ਹੁੰਦਾ। ਇਸ ਸਥਿਤੀ ਵਿੱਚ ਵੀ ਵੋਟ ਦੇਣ ਤੋਂ ਇਨਕਾਰ ਨਹੀਂ ਕੀਤਾ ਜਾਵੇਗਾ, ਜੇਕਰ ਵੋਟਰ ਕੋਲ ਕੋਈ ਹੋਰ ਅਧਿਕਾਰਤ ਪਛਾਣ ਪੱਤਰ ਮੌਜੂਦ ਹੋਵੇ।
ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਸੂਚੀ ਅਨੁਸਾਰ ਹੇਠ ਲਿਖੇ ਦਸਤਾਵੇਜ਼ਾਂ ਵਿੱਚੋਂ ਕੋਈ ਇੱਕ ਦਿਖਾ ਕੇ ਵੋਟ ਪਾਈ ਜਾ ਸਕੇਗੀ:
- ਅਧਾਰ ਕਾਰਡ
- ਮਨਰੇਗਾ ਜਾਬ ਕਾਰਡ
- ਬੈਂਕ ਜਾਂ ਡਾਕਘਰ ਵੱਲੋਂ ਜਾਰੀ ਪਾਸਬੁੱਕ
- ਕਿਰਤ ਵਿਭਾਗ ਵੱਲੋਂ ਜਾਰੀ ਸਿਹਤ ਬੀਮਾ ਸਮਾਰਟ ਕਾਰਡ
- ਡਰਾਈਵਿੰਗ ਲਾਇਸੈਂਸ
- ਪੈਨ ਕਾਰਡ
- ਆਰ.ਜੀ.ਆਈ. ਵੱਲੋਂ ਐਨ.ਪੀ.ਆਰ. ਤਹਿਤ ਜਾਰੀ ਸਮਾਰਟ ਕਾਰਡ
- ਭਾਰਤੀ ਪਾਸਪੋਰਟ
- ਰਾਸ਼ਨ ਕਾਰਡ (ਨੀਲਾ ਕਾਰਡ ਸਮੇਤ)
- ਫੋਟੋ ਵਾਲੇ ਪੈਨਸ਼ਨ ਦਸਤਾਵੇਜ਼
- ਕੇਂਦਰ/ਰਾਜ ਸਰਕਾਰ, ਪੀਐਸਯੂ ਜਾਂ ਪਬਲਿਕ ਲਿਮਟਿਡ ਕੰਪਨੀ ਵੱਲੋਂ ਜਾਰੀ ਮੁਲਾਜ਼ਮ ਆਈਡੀ
- ਦਿਵਿਆਂਗਜਨਾਂ ਲਈ ਜਾਰੀ ਯੂਨੀਕ ਆਈਡੀ ਕਾਰਡ
- ਮਾਨਤਾ ਪ੍ਰਾਪਤ ਸਿੱਖਿਆ ਸੰਸਥਾ ਵੱਲੋਂ ਜਾਰੀ ਵਿਦਿਆਰਥੀ ਪਛਾਣ ਪੱਤਰ
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇ ਇਹਨਾਂ ਵਿੱਚੋਂ ਕੋਈ ਦਸਤਾਵੇਜ਼ ਪਰਿਵਾਰ ਦੇ ਮੁਖੀ ਕੋਲ ਹੋਵੇ, ਤਾਂ ਉਸ ਦੇ ਆਧਾਰ ’ਤੇ ਪਰਿਵਾਰ ਦੀ ਪਛਾਣ ਵੀ ਮੰਨੀ ਜਾਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 14 ਦਸੰਬਰ ਨੂੰ ਨਿਡਰ ਹੋ ਕੇ ਪੋਲਿੰਗ ਸਟੇਸ਼ਨਾਂ ‘ਤੇ ਪਹੁੰਚ ਕੇ ਆਪਣੀ ਵੋਟ ਜ਼ਰੂਰ ਪਾਏਂ, ਉਨ੍ਹਾਂ ਦੀ ਵੋਟ ਪੁਆਈ ਜਾਣ ਦੀ ਪੂਰੀ ਗਾਰੰਟੀ ਹੈ।









