ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਨੰਗਲ ਦੇ ਲੀਜ਼ ਹੋਲਡਰਾਂ ਨੂੰ ਸਿੱਖਿਆ ਮੰਤਰੀ ਦਾ ਭਰੋਸਾ
ਚੰਡੀਗੜ੍ਹ: 10 ਦਸੰਬਰ (ਜਗਜੀਤ ਸਿੰਘ) : ਮਾਣਯੋਗ ਹਾਈ ਕੋਰਟ ਵੱਲੋਂ 31 ਦਸੰਬਰ ਤੱਕ ਬੀਬੀਐਮਬੀ ਨਾਲ ਲੀਜ਼ ਮਾਮਲੇ ਵਿੱਚ ਹਾਰ ਚੁੱਕੇ ਲੀਜ਼ ਹੋਲਡਰਾਂ ਤੋਂ ਜ਼ਮੀਨ ਖਾਲੀ ਕਰਵਾਉਣ ਦੇ ਆਦੇਸ਼ਾਂ ਤੋਂ ਬਾਅਦ ਨੰਗਲ ਸ਼ਹਿਰ ਦੇ ਮੇਨ ਮਾਰਕੀਟ, ਅੱਡਾ ਮਾਰਕੀਟ, ਪਹਾੜੀ ਮਾਰਕੀਟ ਅਤੇ ਕਿਸਾਨ ਖੇਤਰ ਦੀਆਂ ਕਈ ਰਿਹਾਇਸ਼ੀ ਕਲੋਨੀਆਂ ਦੇ ਸੈਂਕੜੇ ਪਰਿਵਾਰ ਚਿੰਤਾ ਵਿੱਚ ਡੁੱਬੇ ਹੋਏ ਹਨ। ਦੁਕਾਨਾਂ ਅਤੇ ਘਰਾਂ ‘ਤੇ ਬੇਦਖ਼ਲੀ ਦੇ ਖ਼ਤਰੇ ਨੇ ਇਲਾਕੇ ਵਿੱਚ ਵੱਡੀ ਬੇਚੈਨੀ ਪੈਦਾ ਕਰ ਦਿੱਤੀ ਹੈ।
ਇਸ ਗੰਭੀਰ ਸਥਿਤੀ ਵਿਚ, ਪ੍ਰਭਾਵਿਤ ਲੀਜ਼ ਹੋਲਡਰ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਨੰਗਲ ਦੇ ਵਿਧਾਇਕ ਐਡਵੋਕੇਟ ਹਰਜੋਤ ਸਿੰਘ ਬੈਂਸ ਨੂੰ ਮਿਲਣ ਪਹੁੰਚੇ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਜ਼ਬਰਦਸਤੀ ਨਹੀਂ ਹੋਣ ਦਿੱਤੀ ਜਾਵੇਗੀ।
ਬੈਂਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਸੰਕਟ ਗਲਤ ਪ੍ਰਬੰਧਕੀ ਕਾਰਨ ਪੈਦਾ ਹੋਇਆ ਹੈ ਅਤੇ ਇਸ ਦਾ ਸਥਾਈ ਹੱਲ ਲੱਭਿਆ ਜਾਵੇਗਾ।
ਉਨ੍ਹਾਂ ਕਿਹਾ: “ਜਿਵੇਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਪਾਨ ਤੋਂ ਵਾਪਸ ਆਉਣਗੇ, ਇਹ ਮੁੱਦਾ ਉਨ੍ਹਾਂ ਦੇ ਸਾਹਮਣੇ ਰੱਖਿਆ ਜਾਵੇਗਾ ਅਤੇ ਹਮੇਸ਼ਾ ਲਈ ਹੱਲ ਕੀਤਾ ਜਾਵੇਗਾ। ਪੰਜਾਬ ਦੇ ਸਭ ਤੋਂ ਸੁੰਦਰ ਸ਼ਹਿਰ ਨੂੰ ਤਬਾਹ ਨਹੀਂ ਹੋਣ ਦਿੱਤਾ ਜਾਵੇਗਾ।”
ਸਿੱਖਿਆ ਮੰਤਰੀ ਨੇ ਇਹ ਵੀ ਪ੍ਰਸ਼ਨ ਕੀਤਾ ਕਿ ਬੀਬੀਐਮਬੀ ਮੈਨੇਜਮੈਂਟ ਉਸ ਜ਼ਮੀਨ ’ਤੇ ਹੱਕ ਕਿਵੇਂ ਜਤਾ ਸਕਦੀ ਹੈ ਜੋ ਅਧਿਕਾਰਿਕ ਤੌਰ ‘ਤੇ ਪੰਜਾਬ ਸਰਕਾਰ ਦੇ ਨਾਮ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਨਾ ਕੋਈ ਧੱਕਾ ਹੋਵੇਗਾ ਅਤੇ ਨਾ ਹੀ ਉਹਨਾਂ ਨੂੰ ਬੇਘਰ ਹੋਣ ਦਿੱਤਾ ਜਾਵੇਗਾ।
ਉਧਰ ਪ੍ਰਭਾਵਿਤ ਪਰਿਵਾਰਾਂ ਨੇ ਵੀ ਸਰਕਾਰ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ ਤਾਂ ਜੋ ਉਹਨਾਂ ਨੂੰ ਆਉਣ ਵਾਲੇ ਤਿਉਹਾਰਾਂ ਅਤੇ ਸਰਦੀ ਦੇ ਮੌਸਮ ਵਿੱਚ ਘਰੋਂ ਬੇਦਖ਼ਲ ਨਾ ਕੀਤਾ ਜਾਵੇ।
