Home ਦੇਸ਼ ਪ੍ਰਧਾਨ ਮੰਤਰੀ ਮੋਦੀ ਦਾ ਕਾਂਗਰਸ ’ਤੇ ਤਿੱਖਾ ਹਮਲਾ : ‘ਵੰਦੇ ਮਾਤਰਮ’ ਨੂੰ...

ਪ੍ਰਧਾਨ ਮੰਤਰੀ ਮੋਦੀ ਦਾ ਕਾਂਗਰਸ ’ਤੇ ਤਿੱਖਾ ਹਮਲਾ : ‘ਵੰਦੇ ਮਾਤਰਮ’ ਨੂੰ ਟੁਕੜੇ-ਟੁਕੜੇ ਕਰਨ ਦਾ ਦੋਸ਼

0

ਨਵੀਂ ਦਿੱਲੀ: 8 ਦਸੰਬਰ 2025: (ਛਤਰਪਾਲ ਸਿੰਘ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿਚ ‘ਵੰਦੇ ਮਾਤਰਮ’ ਉੱਤੇ ਹੋਈ ਚਰਚਾ ਦੌਰਾਨ ਕਾਂਗਰਸ ’ਤੇ ਤਿੱਖੇ ਹਮਲੇ ਕੀਤੇ ਅਤੇ ਦੋਸ਼ ਲਗਾਇਆ ਕਿ ਪਾਰਟੀ ਨੇ ਤੁਸ਼ਟੀਕਰਨ ਦੀ ਸਿਆਸਤ ਦੇ ਦਬਾਅ ਹੇਠ ਕੌਮੀ ਗੀਤ ਨੂੰ “ਟੁਕੜੇ-ਟੁਕੜੇ” ਕੀਤਾ। ਮੋਦੀ ਨੇ ਕਿਹਾ ਕਿ ਕਾਂਗਰਸ ਨੇ ਸਮਾਜਕ ਸਦਭਾਵਨਾ ਦੇ ਨਾਮ ’ਤੇ 26 ਅਕਤੂਬਰ ਨੂੰ ‘ਵੰਦੇ ਮਾਤਰਮ’ ’ਤੇ ਸਮਝੌਤਾ ਕੀਤਾ ਸੀ, ਜੋ ਉਸਦੀ ਤੁਸ਼ਟੀਕਰਣਕਾਰੀ ਨੀਤੀ ਦਾ ਸਪੱਸ਼ਟ ਉਦਾਹਰਨ ਹੈ।

ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਵੀ ਘੇਰਿਆ ਅਤੇ ਉਨ੍ਹਾਂ ਵੱਲੋਂ ਸੁਭਾਸ਼ ਚੰਦਰ ਬੋਸ ਨੂੰ ਲਿਖੀ ਚਿੱਠੀ ਦਾ ਹਵਾਲਾ ਦਿੰਦੇ ਹੋਏ ਦੋਸ਼ ਲਗਾਇਆ ਕਿ ਨਹਿਰੂ ਨੇ ‘ਵੰਦੇ ਮਾਤਰਮ’ ਨੂੰ ਮੁਸਲਮਾਨਾਂ ਦੇ ਵਿਰੋਧ ਨਾਲ ਜੋੜ ਕੇ ਵੇਖਿਆ। ਮੋਦੀ ਨੇ ਕਿਹਾ ਕਿ ਇਹ ਚਿੱਠੀ ਲਖਨਊ ਵਿਚ ਮੁਹੰਮਦ ਅਲੀ ਜਿਨਾਹ ਦੇ ਵਿਰੋਧ ਤੋਂ ਬਾਅਦ ਲਿਖੀ ਗਈ ਸੀ।

ਮੋਦੀ ਨੇ ਕਿਹਾ ਕਿ ਕਾਂਗਰਸ ਨੇ ਉਸ ਸਮੇਂ ਵੀ ਅਤੇ ਅੱਜ ਵੀ ਤੁਸ਼ਟੀਕਰਨ ਦੀ ਸਿਆਸਤ ਨੂੰ ਕਾਇਮ ਰੱਖਿਆ ਹੋਇਆ ਹੈ। ‘‘ਜਿਵੇਂ ਕਾਂਗਰਸ ‘ਵੰਦੇ ਮਾਤਰਮ’ ਦੀ ਵੰਡ ਅੱਗੇ ਝੁਕੀ, ਓਵੇਂ ਹੀ ਦੇਸ਼ ਦੀ ਵੰਡ ਅੱਗੇ ਵੀ ਝੁਕ ਗਈ,’’ ਉਨ੍ਹਾਂ ਕਿਹਾ। ਸੱਤਾ ਬੈਂਚਾਂ ਵੱਲੋਂ ਡੈਸਕ ਥਪਥਪਾਉਣ ਦੌਰਾਨ ਮੋਦੀ ਨੇ ਦਾਅਵਾ ਕੀਤਾ ਕਿ ਇਤਿਹਾਸ ਇਹ ਗਵਾਹ ਹੈ ਕਿ ਮੁਸਲਿਮ ਲੀਗ ਦੇ ਦਬਾਅ ਹੇਠ ਕਾਂਗਰਸ ਨੇ ਇਹ ਫ਼ੈਸਲੇ ਕੀਤੇ।

ਉਨ੍ਹਾਂ ਨੇ ਮਹਾਤਮਾ ਗਾਂਧੀ ਦੀ 1905 ਦੀ ਲਿਖਤ ਦਾ ਹਵਾਲਾ ਵੀ ਦਿੱਤਾ, ਜਿਸ ’ਚ ਗਾਂਧੀ ਨੇ ‘ਵੰਦੇ ਮਾਤਰਮ’ ਨੂੰ ਕੌਮੀ ਗੀਤ ਵਜੋਂ ਪ੍ਰਸਿੱਧ ਦੱਸਿਆ ਸੀ। ਮੋਦੀ ਨੇ ਪੁੱਛਿਆ ਕਿ ਫਿਰ ਇਸਦੀ ਮਹੱਤਾ ਨਾਲ ਬੇਇਨਸਾਫੀ ਕਿਉਂ ਕੀਤੀ ਗਈ?

ਮੋਦੀ ਨੇ ਇਹ ਵੀ ਦੱਸਿਆ ਕਿ ਜਦੋਂ ‘ਵੰਦੇ ਮਾਤਰਮ’ ਦੇ 100 ਸਾਲ ਪੂਰੇ ਹੋਏ, ਤਾਂ ਦੇਸ਼ ਐਮਰਜੈਂਸੀ ਦੀਆਂ ਜੰਜੀਰਾਂ ਵਿੱਚ ਜਕੜਿਆ ਹੋਇਆ ਸੀ ਅਤੇ ਸੰਵਿਧਾਨ ਦੀ ਆਜ਼ਾਦੀ ਘੁਟ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਮੁੜ ‘ਵੰਦੇ ਮਾਤਰਮ’ ਦੀ ਮਹਾਨਤਾ ਨੂੰ ਸਥਾਪਿਤ ਕਰਨ ਦਾ ਮੌਕਾ ਹੈ ਅਤੇ ਇਸਨੂੰ ਗੁਆਉਣਾ ਨਹੀਂ ਚਾਹੀਦਾ।

ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਅੰਗਰੇਜ਼ਾਂ ਨੇ ਇਸ ਗੀਤ ਉੱਪਰ ਪ੍ਰਚਾਰ ਰੋਕਣ ਲਈ ਕਾਨੂੰਨ ਤੱਕ ਬਣਾਏ, ਪਰ ਬੰਕਿਮ ਚੰਦਰ ਚਟੋਪਾਧਿਆਏ ਦਾ ਰਚਿਆ ‘ਵੰਦੇ ਮਾਤਰਮ’ ਬੰਗਾਲ ਵੰਡ ਦੇ ਦੌਰਾਨ ਵੀ ਏਕਤਾ ਦੀ ਪ੍ਰੇਰਣਾ ਬਣਿਆ ਰਿਹਾ।

ਮੋਦੀ ਨੇ ਕਿਹਾ, ‘‘ਆਜ਼ਾਦੀ ਸੰਘਰਸ਼ ਦੌਰਾਨ ‘ਵੰਦੇ ਮਾਤਰਮ’ ਨੇ ਦੇਸ਼ ਨੂੰ ਹੌਸਲਾ, ਜੋਸ਼ ਅਤੇ ਦ੍ਰਿੜ੍ਹ ਸੰਕਲਪ ਦਾ ਮਾਰਗ ਵਿਖਾਇਆ। ਅੱਜ ਇਸ ਸਦਨ ਵਿੱਚ ਇਸਦੇ 150 ਸਾਲ ਪੂਰੇ ਹੋਣ ਦਾ ਸਮਾਂ ਇਤਿਹਾਸਕ ਹੈ।’’

Exit mobile version