ਹਰਿਆਣਾ: 8 ਦਸੰਬਰ 2025: (ਛਤਰਪਾਲ ਸਿੰਘ) : ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਰਾਜ ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਜਲਦੀ ਹੀ ਵੱਡੇ ਪੱਧਰ ’ਤੇ ਭਰਤੀਆਂ ਕੀਤੀਆਂ ਜਾਣਗੀਆਂ, ਜਿਸ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਮਿਲਣਗੇ। ਉਨ੍ਹਾਂ ਦੱਸਿਆ ਕਿ ਸਰਕਾਰ ਮੈਰਿਟ ਦੇ ਆਧਾਰ ’ਤੇ ਬਿਨਾਂ ਕਿਸੇ ਪਰਚੀ-ਖਰਚੀ ਦੇ ਨੌਕਰੀਆਂ ਦੇਣ ਲਈ ਵਚਨਬੱਧ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸਦੀ ਲੋਕ ਸਭਾ ਵਿੱਚ ਪ੍ਰਸ਼ੰਸਾ ਕੀਤੀ ਹੈ।
ਕੈਥਲ ਦੇ ਆਰ.ਕੇ.ਐਸ.ਡੀ. ਕਾਲਜ ਵਿੱਚ ਇੱਕ ਪ੍ਰੋਗਰਾਮ ਦੌਰਾਨ ਬੋਲਦੇ ਹੋਏ, ਸੈਣੀ ਨੇ ਕਿਹਾ ਕਿ ਡਬਲ ਇੰਜਣ ਸਰਕਾਰ ਪ੍ਰਧਾਨ ਮੰਤਰੀ ਮੋਦੀ ਦੇ ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਸਫਲ ਕਰਨ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅੱਜ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਆਰਥਿਕ ਤਾਕਤ ਹੈ ਅਤੇ ਤੀਜੇ ਸਥਾਨ ਤੱਕ ਪਹੁੰਚਣ ਲਈ ਦੇਸੀ ਉਤਪਾਦਾਂ ਦੀ ਖਰੀਦ-ਫਰੋਖਤ ਨੂੰ ਵਧਾਉਣਾ ਹੋਵੇਗਾ।
ਸੀ.ਐਮ. ਨੇ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜਿਹੜੇ 217 ਸੰਕਲਪ ਲਏ ਸਨ, ਉਨ੍ਹਾਂ ਵਿੱਚੋਂ 50 ਪੂਰੇ ਕਰ ਦਿੱਤੇ ਗਏ ਹਨ ਅਤੇ 90 ਹੋਰ ਜਲਦੀ ਪੂਰੇ ਹੋਣ ਵਾਲੇ ਹਨ। ਉਨ੍ਹਾਂ ਯਾਦ ਕਰਵਾਇਆ ਕਿ ਸਰਕਾਰ ਬਣਨ ਤੋਂ ਬਾਅਦ ਭੈਣਾਂ ਨੂੰ 500 ਰੁਪਏ ’ਚ ਗੈਸ ਸਿਲੰਡਰ ਅਤੇ ‘ਲਾਡੋ ਲਕਸ਼ਮੀ ਯੋਜਨਾ’ ਤਹਿਤ 2100 ਰੁਪਏ ਦੀ ਪੈਨਸ਼ਨ ਦੇ ਕੇ ਵਾਅਦੇ ਨਿਭਾਏ ਗਏ ਹਨ। ਯੋਗ ਗਰੀਬ ਪਰਿਵਾਰਾਂ ਨੂੰ ਪਲਾਟ ਦਿੱਤੇ ਜਾ ਰਹੇ ਹਨ ਅਤੇ ਸੋਨੀਪਤ ਵਿੱਚ 550 ਲੋਕਾਂ ਨੂੰ ਫਲੈਟ ਦਿਤੇ ਜਾ ਰਹੇ ਹਨ।
ਮੁੱਖ ਮੰਤਰੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਮੀਂਹ ਕਾਰਨ ਖਰਾਬ ਹੋਈਆਂ ਸੜਕਾਂ ਨੂੰ ਇਸ ਸਾਲ ਦੇ ਅੰਤ ਤੱਕ ਪੂਰੀ ਤਰ੍ਹਾਂ ਠੀਕ ਕਰ ਦਿੱਤਾ ਜਾਵੇਗਾ। ਇਸ ਕਾਰਜ ਲਈ ਛੇ ਵਿਭਾਗਾਂ ਨੂੰ ਸਾਂਝੇ ਤੌਰ ’ਤੇ ਕੰਮ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
