Home Uncategorized ਪਲਾਸਟਿਕ ਲਿਫਾਫਿਆਂ ’ਤੇ ਪੂਰੀ ਪਾਬੰਦੀ, ਸ਼ਹਿਰ ਨੂੰ ਪਲਾਸਟਿਕ-ਮੁਕਤ ਬਣਾਉਣ ਲਈ ਮੁਹਿੰਮ ਤੇਜ਼...

ਪਲਾਸਟਿਕ ਲਿਫਾਫਿਆਂ ’ਤੇ ਪੂਰੀ ਪਾਬੰਦੀ, ਸ਼ਹਿਰ ਨੂੰ ਪਲਾਸਟਿਕ-ਮੁਕਤ ਬਣਾਉਣ ਲਈ ਮੁਹਿੰਮ ਤੇਜ਼ — ਮੇਅਰ ਕੁੰਦਨ ਗੋਗੀਆ

0

ਪਟਿਆਲਾ, 04 ਦਸੰਬਰ: (ਚੌਧਰੀ ਪ੍ਰਭਜੀਤ ਸਿੰਘ) : ਪਟਿਆਲਾ ਨਗਰ ਨਿਗਮ ਨੇ ਵਾਤਾਵਰਣ ਸੁਰੱਖਿਆ ਵੱਲ ਇੱਕ ਵੱਡਾ ਕਦਮ ਚੁੱਕਦਿਆਂ ਸ਼ਹਿਰ ਵਿੱਚ ਪਲਾਸਟਿਕ ਲਿਫਾਫਿਆਂ ਦੀ ਵਰਤੋਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਸ ਸਬੰਧ ਵਿੱਚ ਅੱਜ ਨਗਰ ਨਿਗਮ ਦਫ਼ਤਰ ਵਿੱਚ ਮੇਅਰ ਕੁੰਦਨ ਗੋਗੀਆ ਦੀ ਅਗਵਾਈ ਹੇਠ ਪਲਾਸਟਿਕ ਲਿਫਾਫੇ ਵੇਚਣ ਵਾਲਿਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।

ਮੀਟਿੰਗ ਵਿੱਚ ਪਟਿਆਲਾ ਪਲਾਸਟਿਕ ਲਿਫਾਫੇ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਸੱਦਾ ਦਿੱਤਾ ਗਿਆ ਸੀ। ਮੇਅਰ ਨੇ ਸਭ ਨੂੰ ਸਪਸ਼ਟ ਨਿਰਦੇਸ਼ ਜਾਰੀ ਕੀਤੇ ਕਿ ਪਲਾਸਟਿਕ ਲਿਫਾਫਿਆਂ ਦੀ ਵਿਕਰੀ ਅਤੇ ਵਰਤੋਂ ਤੁਰੰਤ ਰੋਕੀ ਜਾਵੇ, ਕਿਉਂਕਿ ਇਹ ਵਾਤਾਵਰਣ ਲਈ ਬਹੁਤ ਹਾਨੀਕਾਰਕ ਹਨ।

ਲਿਫਾਫੇ ਵੇਚਣ ਵਾਲਿਆਂ ਨੇ ਮੇਅਰ ਨੂੰ ਯਕੀਨ ਦਵਾਇਆ ਕਿ ਉਹ ਹੁਣ ਪਲਾਸਟਿਕ ਦੀ ਥਾਂ ਕੰਪੋਸਟੇਬਲ ਅਤੇ ਬਾਇਓ-ਡੀਗਰੇਡੇਬਲ ਲਿਫਾਫਿਆਂ ਦੀ ਹੀ ਵਿਕਰੀ ਕਰਨਗੇ। ਇਹ ਫੈਸਲਾ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਹਦਾਇਤਾਂ ਅਨੁਸਾਰ ਲਿਆ ਗਿਆ ਹੈ ਅਤੇ ਨਿਗਮ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।

ਮੀਟਿੰਗ ਦੌਰਾਨ ਕਮਿਸ਼ਨਰ ਅਤੇ ਮੇਅਰ ਨੇ ਫ਼ੀਲਡ ਸਟਾਫ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਪ੍ਰਦੂਸ਼ਣ ਬੋਰਡ ਨਾਲ ਮਿਲ ਕੇ ਚੈਕਿੰਗ ਮੁਹਿੰਮ ਹੋਰ ਤੇਜ਼ ਕੀਤੀ ਜਾਵੇ। ਜਿਹੜੇ ਵੀ ਦੁਕਾਨਦਾਰ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਕਰਦੇ ਮਿਲਣਗੇ, ਉਨ੍ਹਾਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਮੇਅਰ ਗੋਗੀਆ ਨੇ ਕਿਹਾ ਕਿ ਪਲਾਸਟਿਕ ਦੇ ਬੇਹਿਸਾਬ ਇਸਤੇਮਾਲ ਕਾਰਨ ਸ਼ਹਿਰ ਦਾ ਵਾਤਾਵਰਣ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਅਤੇ ਇਹ ਸਿਹਤ ਸਮੱਸਿਆਵਾਂ ਦਾ ਵੀ ਮੁੱਖ ਕਾਰਣ ਹੈ। ਇਸ ਲਈ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਪਲਾਸਟਿਕ ਲਿਫਾਫਿਆਂ ਦੀ ਖਰੀਦ-ਫ਼ਰੋਖ਼ਤ ਬੰਦ ਕਰਨ ਤੇ ਬਾਇਓਡੀਗਰੇਡੇਬਲ ਵਿਕਲਪਾਂ ਨੂੰ ਅਪਣਾਉਣ।

ਮੀਟਿੰਗ ਦੇ ਅੰਤ ’ਤੇ ਮੇਅਰ ਨੇ ਕਿਹਾ ਕਿ ਨਿਗਮ ਦਾ ਲਕਸ਼ ਪਟਿਆਲਾ ਨੂੰ ਸਾਫ-ਸੁਥਰਾ ਅਤੇ ਪਲਾਸਟਿਕ-ਮੁਕਤ ਸ਼ਹਿਰ ਬਣਾਉਣਾ ਹੈ। ਇਸ ਮਹੱਤਵਪੂਰਨ ਮੁਹਿੰਮ ਲਈ ਜਨਤਾ ਦਾ ਸਹਿਯੋਗ ਜਰੂਰੀ ਹੈ ਤਾਂ ਜੋ ਭਵਿੱਖ ਦੀਆਂ ਪੀੜ੍ਹੀਆਂ ਲਈ ਸਿਹਤਮੰਦ ਪਰਿਵਰਣ ਸੁਰੱਖਿਅਤ ਕੀਤਾ ਜਾ ਸਕੇ।

Exit mobile version