ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਾਨੂੰਨ ਵਿਭਾਗ (ਬੈਚ 1978–81) ਦੇ ਸਾਬਕਾ ਵਿਦਿਆਰਥੀਆਂ ਦਾ ਇੱਕ ਵਿਸ਼ੇਸ਼ ਸਮੂਹ ਆਪਣੇ ਵਿਦਿਆਰਥੀ ਦੌਰ ਦੀਆਂ ਯਾਦਾਂ ਨੂੰ ਮੁੜ ਜੀਅਂਦਾ ਕਰਨ ਲਈ ਅੱਜ ਯੂਨੀਵਰਸਿਟੀ ਕੈਂਪਸ ਪਹੁੰਚਿਆ।

ਡੀਨ, ਅਲੂਮਨੀ ਰਿਲੇਸ਼ਨਜ਼ ਡਾ. ਰਾਜਬੰਸ ਸਿੰਘ ਗਿੱਲ ਨੇ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਨਾਲ ਜਾਣੂ ਕਰਵਾਉਂਦੇ ਹੋਏ ਪੁਰਾਣੇ ਹੋਸਟਲਾਂ ਦਾ ਵੀ ਵਿਸ਼ੇਸ਼ ਦੌਰਾ ਕਰਵਾਇਆ। ਸਾਬਕਾ ਵਿਦਿਆਰਥੀਆਂ ਨੇ ਕਈ ਦਹਾਕਿਆਂ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ਅਤੇ ਪੁਰਾਣੇ ਸਾਥੀਆਂ ਨੂੰ ਮਿਲ ਕੇ ਖਾਸ ਉਤਸ਼ਾਹ ਜ਼ਾਹਿਰ ਕੀਤਾ।
ਇਸ ਮੌਕੇ ਅਜੈਬ ਸਿੰਘ ਚੱਠਾ, ਚੇਅਰਮੈਨ ਪੰਜਾਬੀ ਜਗਤ ਸਭਾ, ਕੈਨੇਡਾ ਨੇ ਦੱਸਿਆ ਕਿ ਇਸ ਖੁਸ਼ਨਸੀਬ ਮੌਕੇ ਨੇ ਉਨ੍ਹਾਂ ਨੂੰ ਵੀ ਆਪਣੇ ਵਿਦਿਆਰਥੀ ਦਿਨਾਂ ਦੀਆਂ ਮਿੱਠੀਆਂ ਯਾਦਾਂ ਮੁੜ ਯਾਦ ਕਰਵਾਈਆਂ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਸਾਬਕਾ ਵਿਦਿਆਰਥੀਆਂ ਨੂੰ ਜੋੜ ਕੇ ਰੱਖਣ ਲਈ ਇਹ ਮਹੱਤਵਪੂਰਨ ਉਪਰਾਲਾ ਬੇਮਿਸਾਲ ਹੈ।
ਵਿਦਿਆਰਥੀ ਦੌਰ ਦੀਆਂ ਮੁੜ ਤਾਜ਼ਾ ਹੋਈਆਂ ਯਾਦਾਂ ਨੇ ਸਮੂਹ ਨੂੰ ਭਾਵੁਕ ਕਰ ਦਿਤਾ ਅਤੇ ਸਭ ਨੇ ਯੂਨੀਵਰਸਿਟੀ ਦੇ ਇਸ ਸਨਮਾਨਪੂਰਣ ਸੱਦੇ ਦੀ ਸਰਾਹਨਾ ਕੀਤੀ।