ਕੰਮ ਦੀ ਗੁਣਵੱਤਾ ਤੋਂ ਸੰਤੁਸ਼ਟ ਹੋਣ ਤੋਂ ਬਾਅਦ ਹੀ ਹੋਵੇਗੀ ਪੇਮੈਂਟ : ਮੇਅਰ ਕੁੰਦਨ ਗੋਗੀਆ
ਪਟਿਆਲਾ, 02 ਦਸੰਬਰ : (ਛਤਰਪਾਲ ਸਿੰਘ) ਨਗਰ ਨਿਗਮ ਪਟਿਆਲਾ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਗੁਣਵੱਤਾ ਨੂੰ ਪਹਿਲ ਦੇਣ ਲਈ ਕੀਤੀ ਜਾ ਰਹੀ ਪਹਿਲਕਦਮੀ ਦੇ ਤਹਿਤ ਅੱਜ ਮੇਅਰ ਪਟਿਆਲਾ ਸ਼੍ਰੀ ਕੁੰਦਨ ਗੋਗੀਆ ਨੇ ਬਿਸ਼ਨ ਨਗਰ ਖੇਤਰ ਵਿੱਚ ਚੱਲ ਰਹੇ ਡਰੇਨ ਸਿਸਟਮ ਦੇ ਕੰਮ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਉਹਨਾਂ ਨੇ ਠੇਕੇਦਾਰ ਅਤੇ ਅਧਿਕਾਰੀਆਂ ਨਾਲ ਮੌਕੇ ‘ਤੇ ਹੀ ਕੰਮ ਦੇ ਪ੍ਰਗਤੀ ਪੱਧਰ, ਸਮੱਗਰੀ ਦੀ ਗੁਣਵੱਤਾ ਅਤੇ ਤਕਨੀਕੀ ਮਾਪਦੰਡਾਂ ਦੀ ਵਿਸਥਾਰ ਨਾਲ ਜਾਂਚ ਕੀਤੀ।
ਮੇਅਰ ਕੁੰਦਨ ਗੋਗੀਆ ਨੇ ਸਪਸ਼ਟ ਨਿਰਦੇਸ਼ ਜਾਰੀ ਕਰਦੇ ਕਿਹਾ ਕਿ ਨਗਰ ਨਿਗਮ ਪਟਿਆਲਾ ਕਿਸੇ ਵੀ ਹਾਲਤ ਵਿੱਚ ਘੱਟ ਗੁਣਵੱਤਾ ਵਾਲਾ ਕੰਮ ਬਰਦਾਸ਼ਤ ਨਹੀਂ ਕਰੇਗਾ ਅਤੇ ਲੋਕਾਂ ਦੇ ਪੈਸੇ ਦਾ ਹਰ ਪੈਸਾ ਜਾਇਜ਼ ਤਰੀਕੇ ਨਾਲ ਹੀ ਵਰਤਿਆ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਕੰਮ ਵਿੱਚ ਕੋਈ ਖਾਮੀ ਜਾਂ ਲਾਪਰਵਾਹੀ ਪਾਈ ਗਈ ਤਾਂ ਉਸਦੀ ਪੇਮੈਂਟ ਰੋਕ ਦਿੱਤੀ ਜਾਵੇਗੀ ਅਤੇ ਜ਼ਿੰਮੇਵਾਰਾਂ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇਗੀ।
ਮੇਅਰ ਨੇ ਕਿਹਾ ਕਿ ਬਿਸ਼ਨ ਨਗਰ ਖੇਤਰ ਵਿੱਚ ਡਰੇਨ ਸਿਸਟਮ ਦੇ ਬਣਨ ਨਾਲ ਸਾਲਾਨਾ ਪੈਣ ਵਾਲੀ ਵਰਖਾ ਦੌਰਾਨ ਪਾਣੀ ਖੜ੍ਹਾ ਰਹਿਣ ਵਾਲੀ ਸਮੱਸਿਆ ਦਾ ਪੂਰਨ ਤੌਰ ਤੇ ਨਾਸ਼ ਹੋਵੇਗਾ ਅਤੇ ਲੋਕਾਂ ਨੂੰ ਸਹੂਲਤ ਮਿਲੇਗੀ। ਉਹਨਾਂ ਨੇ ਨਾਲ ਹੀ ਨਿਗਮ ਦੀ ਟੀਮ ਨੂੰ ਹਦਾਇਤ ਕੀਤੀ ਕਿ ਰੋਜ਼ਾਨਾ ਕੰਮ ਦੀ ਮਾਨੀਟਰਿੰਗ ਕੀਤੀ ਜਾਵੇ ਅਤੇ ਕੰਮ ਪੂਰਾ ਹੋਣ ਤੋਂ ਬਾਅਦ ਹੀ ਭੁਗਤਾਨ ਜਾਰੀ ਕੀਤਾ ਜਾਵੇ।
ਮੇਅਰ ਕੁੰਦਨ ਗੋਗੀਆ ਨੇ ਇਲਾਕਾ ਵਾਸੀਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਸ਼ਹਿਰ ਦੇ ਹਰ ਵਿਕਾਸ ਕੰਮ ਦੀ ਖੁਦ ਨਿਗਰਾਨੀ ਕੀਤੀ ਜਾਵੇਗੀ ਤਾਂ ਕਿ ਪਟਿਆਲਾ ਨੂੰ ਬੇਹਤਰ ਅਤੇ ਸਵੱਛ ਸ਼ਹਿਰ ਬਣਾਇਆ ਜਾ ਸਕੇ।
