Home ਪਟਿਆਲਾ ਅਪਡੇਟ ਪਟਿਆਲਾ ਨਗਰ ਨਿਗਮ ਨੇ ਡੇਅਰੀਆਂ ਸ਼ਿਫਟਿੰਗ ਦੀ ਕਾਰਵਾਈ ਹੋਈ ਤੇਜ਼

ਪਟਿਆਲਾ ਨਗਰ ਨਿਗਮ ਨੇ ਡੇਅਰੀਆਂ ਸ਼ਿਫਟਿੰਗ ਦੀ ਕਾਰਵਾਈ ਹੋਈ ਤੇਜ਼

0

25 ਦਸੰਬਰ ਤੱਕ ਸਭ ਡੇਅਰੀਆਂ ਹੱਦੋਂ ਬਾਹਰ ਲਿਜਾਣਾ ਲਾਜ਼ਮੀ

ਪਟਿਆਲਾ, 30 ਨਵੰਬਰ: ਜਗਜੀਤ ਸਿੰਘ): ਪਟਿਆਲਾ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਡੇਅਰੀਆਂ ਨੂੰ ਨਗਰ ਨਿਗਮ ਦੀ ਸੀਮਾ ਤੋਂ ਬਾਹਰ ਸ਼ਿਫਟ ਕਰਨ ਸਬੰਧੀ ਇੱਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਦੀ ਅਗਵਾਈ ਐਮਐਲਏ ਸ਼ਹਿਰੀ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ ਅਤੇ ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਨੇ ਕੀਤੀ।

ਮੀਟਿੰਗ ਦੌਰਾਨ ਕਮਿਸ਼ਨਰ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਅੰਦਰ ਬੇਤਰਤੀਬੀ ਨਾਲ ਚੱਲ ਰਹੀਆਂ ਡੇਅਰੀਆਂ ਕਾਰਨ ਗੋਬਰ, ਗੰਦਲੇ ਪਾਣੀ ਅਤੇ ਹੋਰ ਬਚਾਵਟ ਸਮੱਗਰੀ ਤੋਂ ਸੀਵਰੇਜ ਲਾਈਨਾਂ ਵਿਚ ਬਾਰ-ਬਾਰ ਬਲੌਕੇਜ ਹੁੰਦਾ ਹੈ, ਜਿਸ ‘ਤੇ ਹਰ ਸਾਲ ਨਗਰ ਨਿਗਮ ਨੂੰ ਕਰੋੜਾਂ ਰੁਪਏ ਖਰਚ ਕਰਨ ਪੈਂਦੇ ਹਨ। ਇਸ ਨਾਲ ਨਗਰ ਨਿਗਮ ਦੇ ਵਿੱਤੀ ਬਜਟ ‘ਤੇ ਵੱਡਾ ਬੋਝ ਪੈਂਦਾ ਹੈ, ਜਦਕਿ ਡੇਅਰੀਆਂ ਤੋਂ ਨਿਕਲਣ ਵਾਲੀ ਬਦਬੂ ਅਤੇ ਮੱਖੀਆਂ ਕਾਰਨ ਲੋਕਾਂ ਦੀ ਸਿਹਤ ਲਈ ਵੀ ਗੰਭੀਰ ਖਤਰੇ ਪੈਦਾ ਹੋ ਰਹੇ ਹਨ।

ਮੀਟਿੰਗ ਵਿੱਚ ਇਕਮਤ ਹੋ ਕੇ ਇਹ ਫ਼ੈਸਲਾ ਕੀਤਾ ਗਿਆ ਕਿ ਸ਼ਹਿਰ ਦੀਆਂ ਸਾਰੀਆਂ ਡੇਅਰੀਆਂ ਨੂੰ 25 ਦਸੰਬਰ 2025 ਤੱਕ ਨਗਰ ਨਿਗਮ ਹਦੂਦ ਤੋਂ ਬਾਹਰ ਸ਼ਿਫਟ ਕਰਨਾ ਲਾਜ਼ਮੀ ਹੋਵੇਗਾ। ਡੇਅਰੀ ਮਾਲਕਾਂ ਨਾਲ ਜਲਦ ਹੀ ਵੱਖਰਾ ਸੰਵਾਦ ਕਰਕੇ ਉਨ੍ਹਾਂ ਨੂੰ ਸਹਿਯੋਗ ਦਿੱਤਾ ਜਾਵੇਗਾ।

ਮੇਅਰ ਅਤੇ ਕਮਿਸ਼ਨਰ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਡੇਅਰੀ ਮਾਲਕ 30 ਦਸੰਬਰ 2025 ਤੱਕ ਡੇਅਰੀ ਨਹੀਂ ਸ਼ਿਫਟ ਕਰਦਾ, ਤਾਂ ਨਗਰ ਨਿਗਮ ਵੱਲੋਂ ਉਸ ਦੇ ਪਾਣੀ ਅਤੇ ਸੀਵਰੇਜ ਕੁਨੈਕਸ਼ਨ ਤੁਰੰਤ ਕੱਟ ਦਿੱਤੇ ਜਾਣਗੇ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

ਮੀਟਿੰਗ ਵਿੱਚ ਰਾਜਿੰਦਰ ਚੋਪੜਾ, ਜਤਿੰਦਰਪਾਲ ਸਿੰਘ, ਸੁਰਜੀਤ ਸਿੰਘ ਚੀਮਾ, ਨਰਾਇਣ ਦਾਸ, ਦਰਪਨ ਕੁਮਾਰ ਅਤੇ ਰਿਸ਼ਭ ਗੁਪਤਾ ਸਮੇਤ ਕਈ ਸੀਨੀਅਰ ਅਧਿਕਾਰੀ ਹਾਜ਼ਰ ਰਹੇ। ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਦੀ ਸੁੱਚਤਾ ਅਤੇ ਸਿਹਤਮੰਦ ਵਾਤਾਵਰਣ ਲਈ ਇਹ ਫ਼ੈਸਲਾ ਬਹੁਤ ਜ਼ਰੂਰੀ ਹੈ ਅਤੇ ਇਸ ਵਿੱਚ ਕੋਈ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Exit mobile version