Home ਪੰਜਾਬ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ‘ਤੇ ਵਿਸ਼ਵ ਵਿਆਪੀ ਸਿਮਰਨ; ਗਿਆਨੀ ਰਘੁਬੀਰ...

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ‘ਤੇ ਵਿਸ਼ਵ ਵਿਆਪੀ ਸਿਮਰਨ; ਗਿਆਨੀ ਰਘੁਬੀਰ ਸਿੰਘ ਨੇ ਜਪੁਜੀ ਸਾਹਿਬ ਦੇ ਪਾਠ ਦੀ ਅਪੀਲ ਕੀਤੀ

0

ਅੰਮ੍ਰਿਤਸਰ: 25 ਨਵੰਬਰ  2025 (ਜਗਜੀਤ ਸਿੰਘ) : ਅੱਜ ਦੁਨੀਆ ਭਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਵੱਡੀ ਸ਼ਰਧਾ ਅਤੇ ਸਤਿਕਾਰ ਨਾਲ ਯਾਦ ਕੀਤਾ ਜਾ ਰਿਹਾ ਹੈ। ਇਸ ਸੰਬੰਧ ‘ਚ ਅੰਮ੍ਰਿਤਸਰ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਗਿਆਨੀ ਰਘੁਬੀਰ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਮਨੁੱਖੀ ਮਰਿਆਦਾ, ਧਾਰਮਿਕ ਆਜ਼ਾਦੀ ਅਤੇ ਸਾਰਵਜਨਿਕ ਭਲਾਈ ਦੀ ਸਦੀਵੀ ਨਿਸ਼ਾਨੀ ਹੈ।

ਉਹਨਾਂ ਕਿਹਾ ਕਿ ਨੌਵੇਂ ਪਾਤਸ਼ਾਹ ਨੇ ਤਿਲਕ ਅਤੇ ਜੰਜੂ ਦੀ ਰੱਖਿਆ ਲਈ ਜੋ ਕੁਰਬਾਨੀ ਦਿੱਤੀ, ਉਹ ਮਨੁੱਖਤਾ ਲਈ ਅਵੀਸਮਰਣੀਯ ਹੈ। ਗਿਆਨੀ ਜੀ ਨੇ ਇਹ ਵੀ ਉਲੇਖਿਆ ਕਿ ਗੁਰੂ ਸਾਹਿਬ ਤੋਂ ਪਹਿਲਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੇ ਵੀ ਡਟ ਕੇ ਧਰਮ ਦੀ ਰੱਖਿਆ ਲਈ ਸ਼ਹਾਦਤ ਦਿੱਤੀ।

ਗਿਆਨੀ ਰਘੁਬੀਰ ਸਿੰਘ ਨੇ ਸੰਗਤ ਨੂੰ ਅਪੀਲ ਕੀਤੀ ਕਿ ਦੁਪਹਿਰ 12 ਵਜੇ, ਜਦੋਂ ਗੁਰੂ ਸਾਹਿਬ ਨੇ ਸ਼ਹਾਦਤ ਬਖ਼ਸ਼ੀ ਸੀ, ਹਰ ਸਿੱਖ ਜਿੱਥੇ ਵੀ ਹੋਵੇ—ਘਰ, ਕੰਮ ਜਾਂ ਯਾਤਰਾ ਵਿੱਚ—ਘੱਟੋ-ਘੱਟ ਇੱਕ ਵਾਰ ਜਪੁਜੀ ਸਾਹਿਬ ਦਾ ਪਾਠ ਜ਼ਰੂਰ ਕਰੇ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਵੀ ਸ਼ਹਾਦਤ ਤੋਂ ਪਹਿਲਾਂ ਜਪੁਜੀ ਸਾਹਿਬ ਦਾ ਪਾਠ ਕੀਤਾ ਸੀ ਅਤੇ ਇਸ ਦਿਨ ਇਹੀ ਸਭ ਤੋਂ ਵੱਡੀ ਭੇਟ ਹੈ।

ਇਸ ਮੌਕੇ ਉਹਨਾਂ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ, ਤਲਵੰਡੀ ਸਾਬੋ ਅਤੇ ਅਨੰਦਪੁਰ ਸਾਹਿਬ ਨੂੰ “ਪਵਿੱਤਰ ਸ਼ਹਿਰ” ਦਾ ਦਰਜਾ ਦੇਣ ਦੇ ਫ਼ੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਪੰਥ ਕਈ ਸਾਲਾਂ ਤੋਂ ਇਸ ਮੰਗ ‘ਤੇ ਕਾਇਮ ਸੀ ਕਿਉਂਕਿ ਇਹ ਸ਼ਹਿਰ ਸਿੱਖ ਧਰਮ ਅਤੇ ਇਤਿਹਾਸ ਦੇ ਕੇਂਦਰ ਹਨ। ਉਹਨਾਂ ਸੁਝਾਅ ਦਿੱਤਾ ਕਿ ਪਵਿੱਤਰ ਸਥਾਨਾਂ ਦੇ ਨੇੜੇ ਤੰਬਾਕੂ, ਮਾਸ ਅਤੇ ਸ਼ਰਾਬ ਵਾਲੀਆਂ ਦੁਕਾਨਾਂ ਬੰਦ ਹੋਣੀਆਂ ਚਾਹੀਦੀਆਂ ਹਨ, ਤਾਂ ਜੋ ਇਹਨਾਂ ਸ਼ਹਿਰਾਂ ਦੀ ਮਰਿਆਦਾ ਕਾਇਮ ਰਹੇ।

ਉਹਨਾਂ ਇਹ ਵੀ ਕਿਹਾ ਕਿ ਗੁਰੂ ਅਰਜਨ ਦੇਵ ਜੀ ਦੀ ਵਾਣੀ ਵਿੱਚ ਵੀ ਹਰਿਮੰਦਰ ਸਾਹਿਬ ਅਤੇ ਰਾਮਦਾਸਪੁਰ ਦੀ ਪਵਿਤ੍ਰਤਾ ਦਾ ਉਲੇਖ ਹੈ, ਇਸ ਲਈ ਸੰਗਤ ਅਤੇ ਸਰਕਾਰ ਦੋਨੋ ਉਨ੍ਹਾਂ ਦੀ ਮਹਾਨ ਪਰੰਪਰਾ ਨੂੰ ਸਾਂਭਣ ਲਈ ਜ਼ਿੰਮੇਵਾਰ ਹਨ।

ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਸੰਗਤ ਵੱਲੋਂ ਚੱਲ ਰਹੀ ਮੰਗ ‘ਤੇ ਉਹਨਾਂ ਕਿਹਾ ਕਿ ਇਹ “ਖ਼ਾਲਸੇ ਦੀ ਰਾਜਧਾਨੀ” ਹੈ ਅਤੇ ਜੇ ਸਰਕਾਰ ਇਸ ਫ਼ੈਸਲੇ ‘ਤੇ ਅੱਗੇ ਵਧਦੀ ਹੈ ਤਾਂ ਇਹ ਖੇਤਰ ਦੀ ਤਰੱਕੀ ਅਤੇ ਸਿੱਖ ਧਰਮ ਦੀ ਮਹੱਤਾ ਨੂੰ ਹੋਰ ਮਜ਼ਬੂਤ ਕਰੇਗਾ।

Exit mobile version