Home ਪੰਜਾਬ ਤਰਨਤਾਰਨ ਉਪਚੋਣ: ਵੋਟਾਂ ਦੀ ਗਿਣਤੀ ਵਿੱਚ ‘ਆਪ’ ਦੀ ਭਾਰੀ ਲੀਡ, ਜਿੱਤ ਲਗਭਗ...

ਤਰਨਤਾਰਨ ਉਪਚੋਣ: ਵੋਟਾਂ ਦੀ ਗਿਣਤੀ ਵਿੱਚ ‘ਆਪ’ ਦੀ ਭਾਰੀ ਲੀਡ, ਜਿੱਤ ਲਗਭਗ ਤੈਅ

0

ਤਰਨਤਾਰਨ, (ਰਾਜੇਸ਼ ਕੁਮਾਰ): ਤਰਨਤਾਰਨ ਵਿਧਾਨ ਸਭਾ ਉਪਚੋਣ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ ਕਾਊਂਟਿੰਗ ਸੈਂਟਰ ਵਿਖੇ ਸ਼ੁਰੂ ਹੋਈ, ਜਿੱਥੇ ਈਵੀਐਮ ਮਸ਼ੀਨਾਂ ਰਾਹੀਂ ਗਿਣਤੀ ਪ੍ਰਕਿਰਿਆ ਚੱਲ ਰਹੀ ਹੈ। ਕੁੱਲ 16 ਦੌਰਾਂ ਵਿੱਚੋਂ 15 ਦੌਰ ਮੁਕੰਮਲ ਹੋ ਚੁੱਕੇ ਹਨ, ਅਤੇ ਪ੍ਰਾਪਤ ਰੁਝਾਨਾਂ ਅਨੁਸਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸੰਧੂ ਨੇ ਭਾਰੀ ਬੜਤ ਲੈ ਕੇ ਜਿੱਤ ਲਗਭਗ ਤੈਅ ਕਰ ਲਈ ਹੈ।

ਗਿਣਤੀ ਦੇ ਸ਼ੁਰੂਆਤੀ ਤਿੰਨ ਦੌਰਾਂ ਵਿੱਚ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੇ ਲੀਡ ਬਣਾਈ ਰੱਖੀ ਸੀ, ਪਰ ਚੌਥੇ ਦੌਰ ਤੋਂ ਬਾਅਦ ਆਪ ਉਮੀਦਵਾਰ ਹਰਮੀਤ ਸੰਧੂ ਨੇ ਪੱਖ ਮੋੜਦਿਆਂ ਬੜਤ ਲੈ ਲਈ। ਪਿਛਲੇ 12 ਦੌਰਾਂ ਤੋਂ ‘ਆਪ’ ਦੀ ਲੀਡ ਲਗਾਤਾਰ ਵਧਦੀ ਜਾ ਰਹੀ ਹੈ। 15ਵੇਂ ਦੌਰ ਦੇ ਅੰਤ ਤੱਕ ਹਰਮੀਤ ਸੰਧੂ 11,317 ਵੋਟਾਂ ਨਾਲ ਅੱਗੇ ਹਨ।

ਇਹ ਨਤੀਜੇ ਦੇਖਦੇ ਹੋਏ ਅਕਾਲੀ ਦਲ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਗਿਣਤੀ ਕੇਂਦਰ ਛੱਡ ਕੇ ਘਰ ਵਾਪਸ ਚਲੀ ਗਈਆਂ।

ਤੀਜੇ ਸਥਾਨ ‘ਤੇ ਖਾਲਿਸਤਾਨ ਪੱਖੀ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ, ਅਕਾਲੀ ਦਲ–ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਖਾਲਸਾ ਰਹੇ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੇ ਸਾਰੇ ਗੁੱਟਾਂ ਨੂੰ ਇੱਕਜੁੱਟ ਹੋਣ ਦੀ ਜ਼ਰੂਰਤ ਹੈ, ਨਹੀਂ ਤਾਂ 2027 ਦੇ ਚੋਣ ਮੈਦਾਨ ਵਿੱਚ ਨਤੀਜੇ ਚੰਗੇ ਨਹੀਂ ਆ ਸਕਦੇ।

ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਚੌਥੇ ਸਥਾਨ ‘ਤੇ ਅਤੇ ਭਾਜਪਾ ਉਮੀਦਵਾਰ ਹਰਜੀਤ ਸੰਧੂ ਪੰਜਵੇਂ ਸਥਾਨ ‘ਤੇ ਚੱਲ ਰਹੇ ਹਨ।

ਤਰਨਤਾਰਨ ਉਪਚੋਣ ਵਿੱਚ ਹੁਣ ਇੱਕ ਦੌਰ ਦੀ ਗਿਣਤੀ ਬਾਕੀ ਹੈ, ਪਰ ਰੁਝਾਨ ‘ਆਪ’ ਦੇ ਪੱਖ ਵਿੱਚ ਪੱਕੇ ਨਜ਼ਰ ਆ ਰਹੇ ਹਨ।

Exit mobile version