ਚੰਡੀਗੜ੍ਹ, (ਚੌਧਰੀ ਪ੍ਰਭਜੀਤ ਸਿੰਘ) : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀਰਵਾਰ ਨੂੰ ਸੂਬੇ ਦੇ ਪੇਂਡੂ ਖੇਤਰਾਂ ਵਿੱਚ ਵਿਕਾਸ ਕਾਰਜਾਂ ਲਈ 332 ਕਰੋੜ ਰੁਪਏ ਦੀ ਕਿਸ਼ਤ ਜਾਰੀ ਕਰਨ ਦਾ ਐਲਾਨ ਕੀਤਾ। ਇਸ ਤੋਂ ਬਾਅਦ 334 ਕਰੋੜ ਰੁਪਏ ਦੀ ਅਗਲੀ ਕਿਸ਼ਤ ਦਸੰਬਰ ਦੇ ਅੰਤ ਜਾਂ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਜਾਰੀ ਕੀਤੀ ਜਾਵੇਗੀ।

ਪੰਜਾਬ ਭਵਨ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਸਰਕਾਰ ਵੱਲੋਂ ਦੱਸਿਆ ਗਿਆ ਕਿ ਇਹ ਰਕਮ ਪਿੰਡਾਂ ਵਿੱਚ ਸੈਨੀਟੇਸ਼ਨ ਬਾਕਸ ਲਗਾਉਣ ਸਮੇਤ ਗ੍ਰਾਮ ਪੰਚਾਇਤਾਂ ਦੇ ਵੱਖ-ਵੱਖ ਵਿਕਾਸ ਕਾਰਜਾਂ ’ਤੇ ਖਰਚੀ ਜਾਵੇਗੀ। ਜਾਰੀ ਕੀਤੀ ਗਈ ਰਕਮ ਵਿੱਚੋਂ 156 ਕਰੋੜ ਰੁਪਏ ਅਨਟਾਈਡ ਫੰਡ ਵਜੋਂ ਹਨ, ਜਿਨ੍ਹਾਂ ਨੂੰ ਪੰਚਾਇਤਾਂ ਆਪਣੇ ਅਧਿਕਾਰ ਖੇਤਰ ਵਿੱਚ ਕਿਸੇ ਵੀ ਵਿਕਾਸ ਕਾਰਜ ਲਈ ਵਰਤ ਸਕਦੀਆਂ ਹਨ। 176 ਕਰੋੜ ਰੁਪਏ ਟਾਈਡ ਫੰਡਾਂ ਵਜੋਂ ਦਿੱਤੇ ਗਏ ਹਨ, ਜੋ ਸਿਰਫ਼ ਸੈਨੀਟੇਸ਼ਨ ਨਾਲ ਜੁੜੇ ਕੰਮਾਂ ਲਈ ਹੀ ਵਰਤੇ ਜਾਣਗੇ।
ਸਾਰੀ ਗ੍ਰਾਂਟ ਨੂੰ ਗ੍ਰਾਮ ਪੰਚਾਇਤਾਂ, ਪੰਚਾਇਤ ਕਮੇਟੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਵਿੱਚ 70:20:10 ਦੇ ਅਨੁਪਾਤ ਵਿੱਚ ਵੰਡਿਆ ਜਾਵੇਗਾ। ਪੇਂਡੂ ਵਿਕਾਸ ਲਈ 22 ਜ਼ਿਲ੍ਹਿਆਂ ਨੂੰ ਕੁੱਲ 3,329,750,900 ਰੁਪਏ ਅਲਾਟ ਕੀਤੇ ਗਏ ਹਨ, ਜਿਸ ਵਿੱਚ 1,766,319,970 ਰੁਪਏ ਟਾਈਡ ਫੰਡ ਅਤੇ 1,563,430,930 ਰੁਪਏ ਅਨਟਾਈਡ ਫੰਡ ਸ਼ਾਮਲ ਹਨ।
ਸਭ ਤੋਂ ਵੱਧ ਗ੍ਰਾਂਟ ਲੁਧਿਆਣਾ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਨੂੰ ਮਿਲੀ ਹੈ।
- ਲੁਧਿਆਣਾ : 200,143,127 ਰੁਪਏ (ਟਾਈਡ), 133,905,292 ਰੁਪਏ (ਅਨਟਾਈਡ)
- ਹੁਸ਼ਿਆਰਪੁਰ : 170,847,451 ਰੁਪਏ (ਟਾਈਡ), 114,305,089 ਰੁਪਏ (ਅਨਟਾਈਡ)
- ਗੁਰਦਾਸਪੁਰ : 165,563,924 ਰੁਪਏ (ਟਾਈਡ), 110,770,166 ਰੁਪਏ (ਅਨਟਾਈਡ)
ਇਸ ਤੋਂ ਇਲਾਵਾ ਸੰਗਰੂਰ, ਪਟਿਆਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਮੋਗਾ, ਸ਼ਹੀਦ ਭਗਤ ਸਿੰਘ ਨਗਰ, ਸ੍ਰੀ ਮੁਕਤਸਰ ਸਾਹਿਬ ਅਤੇ ਤਰਨਤਾਰਨ ਜ਼ਿਲ੍ਹਿਆਂ ਨੂੰ ਵੀ ਵੱਡੀ ਵਿਕਾਸ ਗ੍ਰਾਂਟ ਜਾਰੀ ਕੀਤੀ ਗਈ ਹੈ।







