ਨਵੀਂ ਦਿੱਲੀ, 12 ਨਵੰਬਰ : (ਜਗਜੀਤ ਸਿੰਘ) : ਰਾਸ਼ਟਰੀ ਰਾਜਧਾਨੀ ਦਿੱਲੀ ਦੇ ਭਾਰਤ ਮੰਡਪਮ (ਪਰਗਤੀ ਮੈਦਾਨ) ਵਿੱਚ ਦੇਸ਼ ਦਾ ਸਭ ਤੋਂ ਵੱਡਾ ਵਪਾਰਕ ਮੇਲਾ — 44ਵਾਂ ਇੰਟਰਨੈਸ਼ਨਲ ਟ੍ਰੇਡ ਫੇਅਰ — 14 ਤੋਂ 27 ਨਵੰਬਰ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਾਲ ਮੇਲੇ ਦੀ ਥੀਮ ‘ਇੱਕ ਭਾਰਤ, ਸ੍ਰੇਸ਼ਠ ਭਾਰਤ’ ਰਹੇਗੀ, ਜੋ ਦੇਸ਼ ਦੀ ਏਕਤਾ ਅਤੇ ਵਿਭਿੰਨਤਾ ਨੂੰ ਪ੍ਰਗਟ ਕਰੇਗੀ।
ਮੇਲੇ ਦੇ ਪਹਿਲੇ ਪੰਜ ਦਿਨ (14–18 ਨਵੰਬਰ) ਸਿਰਫ਼ ਬਿਜ਼ਨਸ ਵਿਜ਼ਿਟਰਾਂ ਲਈ ਰਾਖਵੇਂ ਰਹਿਣਗੇ, ਜਦਕਿ 19 ਤੋਂ 27 ਨਵੰਬਰ ਤੱਕ ਆਮ ਜਨਤਾ ਪ੍ਰਵੇਸ਼ ਕਰ ਸਕੇਗੀ। ਮੇਲਾ ਹਰ ਰੋਜ਼ ਸਵੇਰੇ 10 ਵਜੇ ਤੋਂ ਸ਼ਾਮ 5:30 ਵਜੇ ਤੱਕ ਖੁੱਲ੍ਹਾ ਰਹੇਗਾ। ਪ੍ਰਵੇਸ਼ ਲਈ ਭੈਰੋਂ ਰੋਡ ਗੇਟ ਨੰਬਰ 3 ਅਤੇ 4, ਤੇ ਮਥੁਰਾ ਰੋਡ ਗੇਟ ਨੰਬਰ 6 ਅਤੇ 10 ਖੋਲ੍ਹੇ ਜਾਣਗੇ।
ਮੇਲੇ ਵਿੱਚ ਹਾਲ ਨੰਬਰ 1 ਤੋਂ 6 ਤੱਕ ਕੇਂਦਰ ਤੇ ਰਾਜ ਸਰਕਾਰਾਂ, ਮੰਤਰਾਲਿਆਂ ਅਤੇ ਜਨਤਕ ਖੇਤਰ ਦੇ ਅਦਾਰਿਆਂ (PSUs) ਦੇ ਪਵੇਲੀਅਨ ਲੱਗਣਗੇ, ਜਿੱਥੇ ਹਰ ਰਾਜ ਦੀ ਕਲਾ, ਸੱਭਿਆਚਾਰ, ਸਰਕਾਰੀ ਯੋਜਨਾਵਾਂ ਅਤੇ ਸਥਾਨਕ ਉਤਪਾਦ ਪ੍ਰਦਰਸ਼ਿਤ ਕੀਤੇ ਜਾਣਗੇ। ਵਿਜ਼ਿਟਰ ਇੱਥੋਂ ਘਰ ਤੇ ਦਫ਼ਤਰ ਲਈ ਇਲੈਕਟ੍ਰੋਨਿਕਸ, ਟੈਕਸਟਾਈਲ, ਫੁੱਟਵੇਅਰ, ਘੜੀਆਂ, ਕਿਚਨ ਇਕੁਇਪਮੈਂਟ ਅਤੇ ਹੋਮ ਪ੍ਰੋਡਕਟਸ ਖਰੀਦ ਸਕਣਗੇ।
ਖਾਣ-ਪੀਣ ਦੇ ਸ਼ੌਕੀਨ ਲੋਕਾਂ ਲਈ ਹਾਲ ਨੰਬਰ 12 ਅਤੇ 12A ਵਿੱਚ ਦੇਸ਼ ਭਰ ਦੇ ਵਿਅੰਜਨ ਪੇਸ਼ ਕੀਤੇ ਜਾਣਗੇ। ਇੱਥੇ ਫੂਡ ਪ੍ਰੋਡਕਟਸ, ਸਪਾਈਸਿਜ਼, ਹਸਤ-ਸ਼ਿਲਪ, ਹੋਮ ਡੈਕੋਰ ਅਤੇ ਸਟਾਰਟਅੱਪ ਉਤਪਾਦ ਵੀ ਵੇਖਣ ਨੂੰ ਮਿਲਣਗੇ।
ਇਸ ਦੇ ਨਾਲ ਹੀ, ਇਹ ਹਾਲ ਖ਼ਾਸ ਤੌਰ ’ਤੇ ਔਰਤਾਂ ਲਈ ਆਕਰਸ਼ਣ ਦਾ ਕੇਂਦਰ ਹੋਵੇਗਾ — ਜਿੱਥੇ ਕਾਸਮੈਟਿਕਸ, ਗਹਿਣੇ ਅਤੇ ਬਿਊਟੀ ਬ੍ਰਾਂਡਸ ਦੀ ਵੱਡੀ ਵਰਾਇਟੀ ਉਪਲਬਧ ਹੋਵੇਗੀ। ਦੇਸ਼ ਭਰ ਤੋਂ ਆਏ ਡਿਜ਼ਾਈਨਰ ਇੱਥੇ ਆਪਣੇ ਖਾਸ ਕਲੇਕਸ਼ਨ ਪੇਸ਼ ਕਰਨਗੇ।
ਮੇਲੇ ਵਿੱਚ ਮਨੋਰੰਜਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਹਾਲ 1, 2 ਅਤੇ 5 ਦੇ ਕੋਲ ਸਥਾਪਿਤ ਓਪਨ ਐਂਫੀਥੀਏਟਰਾਂ ਵਿੱਚ ਹਰ ਰੋਜ਼ ਵੱਖ-ਵੱਖ ਰਾਜਾਂ ਦੇ ਸੱਭਿਆਚਾਰਕ ਪ੍ਰੋਗਰਾਮ, ਲੋਕ-ਨਾਚ ਅਤੇ ਸੰਗੀਤਕ ਪੇਸ਼ਕਾਰੀਆਂ ਹੋਣਗੀਆਂ, ਜੋ ਮੇਲੇ ਦੇ ਮਾਹੌਲ ਨੂੰ ਰੰਗੀਨ ਬਣਾਉਣਗੀਆਂ।
