ਸ੍ਰੀ ਅਨੰਦਪੁਰ ਸਾਹਿਬ ‘ਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਸਮਾਗਮ 23 ਤੋਂ 25 ਨਵੰਬਰ ਤੱਕ
ਸ੍ਰੀ ਅਨੰਦਪੁਰ ਸਾਹਿਬ (ਜਗਜੀਤ ਸਿੰਘ) : ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਨਵੇਂ ਪਾਤਸ਼ਾਹ ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਸਮਾਰੋਹ ਗੁਰਮਤਿ ਮਰਿਆਦਾ ਅਨੁਸਾਰ 23 ਤੋਂ 25 ਨਵੰਬਰ ਤੱਕ ਗੁਰੂ ਕਾ ਬਾਗ ਛਾਉਣੀ, ਸ੍ਰੀ ਅਨੰਦਪੁਰ ਸਾਹਿਬ ਵਿਖੇ ਆਯੋਜਿਤ ਕੀਤੇ ਜਾਣਗੇ।
ਇਸ ਸਬੰਧੀ ਅੱਜ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਸੈਰ ਸਪਾਟਾ ਵਿਭਾਗ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ ਅਤੇ ਪ੍ਰਸ਼ਾਸਨਕ ਅਧਿਕਾਰੀਆਂ ਨਾਲ ਵਿਸ਼ੇਸ਼ ਬੈਠਕ ਕੀਤੀ। ਉਨ੍ਹਾਂ ਦੱਸਿਆ ਕਿ 23 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਵੇਗਾ, ਜਦਕਿ 25 ਨਵੰਬਰ ਨੂੰ ਸਰਬ ਧਰਮ ਸੰਮੇਲਨ ਹੋਵੇਗਾ ਜਿਸ ਵਿੱਚ ਵੱਖ-ਵੱਖ ਧਰਮਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਹੋਣਗੀਆਂ।
ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਹ ਸਮਾਗਮ ਸਿਰਫ਼ ਸ਼ਹੀਦੀ ਸ਼ਤਾਬਦੀ ਤੱਕ ਸੀਮਿਤ ਨਹੀਂ ਹੋਣਗੇ, ਸਗੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਤਾ ਗੱਦੀ ਦਿਹਾੜੇ ਦੀ ਸ਼ਤਾਬਦੀ ਵੀ ਇਨ੍ਹਾਂ ਨਾਲ ਜੋੜੀ ਜਾਵੇਗੀ। ਉਨ੍ਹਾਂ ਦੱਸਿਆ ਕਿ 24 ਨਵੰਬਰ ਨੂੰ ਗੁਰਦੁਆਰਾ ਬਿਬਾਨਗੜ੍ਹ ਸਾਹਿਬ, ਕੀਰਤਪੁਰ ਸਾਹਿਬ ਤੋਂ ਸੀਸ ਭੇਟ ਯਾਤਰਾ ਦੀ ਸ਼ੁਰੂਆਤ ਹੋਵੇਗੀ ਜੋ ਗੁਰਦੁਆਰਾ ਸੀਸ ਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਵੇਗੀ।
ਸੈਰ ਸਪਾਟਾ ਵਿਭਾਗ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ ਨੇ ਦੱਸਿਆ ਕਿ ਵਿਰਾਸਤ-ਏ-ਖਾਲਸਾ ਵਿਖੇ ਪਹਿਲੀ ਵਾਰ 500 ਡਰੋਨਾਂ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਉੱਤੇ ਆਧਾਰਿਤ ਡਰੋਨ ਸ਼ੋਅ 21 ਤੋਂ 29 ਨਵੰਬਰ ਤੱਕ ਹਰ ਸ਼ਾਮ ਕਰਵਾਇਆ ਜਾਵੇਗਾ। ਸੰਗਤਾਂ ਦੀ ਸੁਵਿਧਾ ਲਈ 19 ਤੋਂ 29 ਨਵੰਬਰ ਤੱਕ ਤਿੰਨ ਵਿਸ਼ਾਲ ਟੈਂਟ ਸਿਟੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜਿੱਥੇ ਰਹਿਣ, ਲੰਗਰ ਤੇ ਹੋਰ ਸਹੂਲਤਾਂ ਉਪਲਬਧ ਰਹਿਣਗੀਆਂ।
20 ਨਵੰਬਰ ਨੂੰ ਚਰਨ ਗੰਗਾ ਸਟੇਡੀਅਮ ਵਿੱਚ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਵੀ ਆਯੋਜਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, 23 ਤੋਂ 25 ਨਵੰਬਰ ਤੱਕ ਗੁਰਮਤਿ ਸਮਾਗਮਾਂ ਵਿੱਚ ਕੀਰਤਨ ਦਰਬਾਰ, ਢਾੜੀ ਦਰਬਾਰ, ਕਵੀਸ਼ਰੀ ਦਰਬਾਰ ਅਤੇ ਸਰਬ ਧਰਮ ਇਕੱਤਤਾ ਸੰਮੇਲਨ ਵੀ ਹੋਣਗੇ।
ਇਸ ਮੌਕੇ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਸਮਾਗਮ ਸਥਲ ਦਾ ਨਿਰੀਖਣ ਕਰਦਿਆਂ ਪ੍ਰਬੰਧਕਾਂ ਨੂੰ ਸਮੇਂ ਸਿਰ ਸਾਰੇ ਇੰਤਜ਼ਾਮ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਬੈਠਕ ਵਿੱਚ ਐਸ.ਡੀ.ਐਮ. ਜਸਪ੍ਰੀਤ ਸਿੰਘ, ਡੀ.ਐਸ.ਪੀ. ਜਸ਼ਨਦੀਪ ਸਿੰਘ ਮਾਨ, ਸੁਪਰਡੈਂਟ ਇੰਜੀਨੀਅਰ ਭੁਪਿੰਦਰ ਸਿੰਘ ਚਾਨਾ, ਐਸ.ਐਚ.ਓ. ਦਾਨਿਸ਼ਵੀਰ ਸਿੰਘ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਪ੍ਰਤਿਨਿਧੀ ਮੌਜੂਦ ਸਨ।
