ਤਰੱਕੀਆਂ ਅਤੇ ਤਰਸ ਨੌਕਰੀਆਂ ਜਲਦ ਦੇਣ ਦਾ ਭਰੋਸਾ-ਹਰੀ ਸਿੰਘ ਟੌਹੜਾ
ਪਟਿਆਲਾ, 5 ਨਵੰਬਰ — ਪੰਜਾਬ ਸਟੇਟ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਪੁਨੀਤ ਗਰਗ ਦੀ ਅਗਵਾਈ ਹੇਠ ਕਰਮਚਾਰੀ ਦਲ ਦੀ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਵਿਭਾਗ ਦੇ ਅਧਿਕਾਰੀ ਜਸਵਿੰਦਰ ਸਿੰਘ ਸੀਨੀਅਰ ਸਹਾਇਕ, ਸੁਰੇਸ਼ ਕੁਮਾਰ ਸੀਨੀਅਰ ਕਲਰਕ ਸਮੇਤ ਹੋਰ ਅਮਲਾ ਹਾਜ਼ਰ ਸੀ, ਜਦਕਿ ਕਰਮਚਾਰੀ ਜਥੇਬੰਦੀ ਵੱਲੋਂ ਹਰੀ ਸਿੰਘ ਟੌਹੜਾ, ਰਾਕੇਸ਼ ਬਾਤਿਸ਼, ਗਿਆਨ ਸਿੰਘ ਘਨੌਲੀ ਤੇ ਸਤਪਾਲ ਸਿੰਘ ਖਾਨਪੁਰ ਵਰਗੇ ਆਗੂ ਵੀ ਮੌਜੂਦ ਰਹੇ।
ਮੀਟਿੰਗ ਦੌਰਾਨ ਡਿਪਟੀ ਡਾਇਰੈਕਟਰ ਪੁਨੀਤ ਗਰਗ ਨੇ ਕਰਮਚਾਰੀਆਂ ਨੂੰ ਭਰੋਸਾ ਦਿਵਾਇਆ ਕਿ ਜਿਹੜੇ ਕਰਮਚਾਰੀ ਸੇਵਾ ਦੌਰਾਨ ਸਵਰਗਵਾਸ ਹੋ ਗਏ ਹਨ, ਉਨ੍ਹਾਂ ਦੇ 52 ਵਾਰਿਸਾਂ ਨੂੰ ਤਰਸ ਦੇ ਆਧਾਰ ‘ਤੇ ਨੌਕਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਾਰੇ ਕੇਸ ਜਲਦ ਨਿਪਟਾ ਕੇ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ।
ਇਸ ਤੋਂ ਇਲਾਵਾ, ਦਰਜਾ-4 ਤੋਂ ਜੇ.ਡੀ.ਐਮ. ਤੱਕ ਦੀਆਂ 14 ਤਰੱਕੀਆਂ ਇਸ ਮਹੀਨੇ ਦੇ ਅੰਤ ਤੱਕ ਜਾਰੀ ਕੀਤੀਆਂ ਜਾਣਗੀਆਂ। ਫੀਲਡ ਕਰਮਚਾਰੀਆਂ ਲਈ ਜੇ.ਏ. ਆਸਾਮੀਆਂ ਦੇ 6 ਕੋਟੇ ਵਾਲੇ ਕੇਸ ਮੁਕੰਮਲ ਕਰਕੇ ਐਚ.ਓ.ਡੀ. ਦਫਤਰ ਨੂੰ ਭੇਜੇ ਜਾਣਗੇ।
ਜਿਨ੍ਹਾਂ ਕਰਮਚਾਰੀਆਂ ਨੇ ਆਈ.ਟੀ.ਆਈ. ਜਾਂ ਸਮਕਾਲੀ ਤਕਨੀਕੀ ਯੋਗਤਾ ਪ੍ਰਾਪਤ ਕੀਤੀ ਹੈ, ਉਨ੍ਹਾਂ ਨੂੰ ਵੀ ਬਣਦੀਆਂ ਤਰੱਕੀਆਂ ਦੇਣ ਲਈ ਵਿਭਾਗ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਵੇਗੀ। ਇਸੇ ਨਾਲ ਹੀ ਜਿਨ੍ਹਾਂ ਡਵੀਜ਼ਨਾਂ ਦੇ ਕਰਮਚਾਰੀ ਵਰਦੀਆਂ ਤੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਲਈ ਜਲਦ ਬਜਟ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ।
ਮੀਟਿੰਗ ਦੇ ਅੰਤ ਵਿੱਚ ਕਰਮਚਾਰੀ ਆਗੂਆਂ ਨੇ ਵਿਭਾਗ ਵੱਲੋਂ ਕੀਤੀਆਂ ਘੋਸ਼ਣਾਵਾਂ ਦਾ ਸਵਾਗਤ ਕੀਤਾ ਅਤੇ ਉਮੀਦ ਜਤਾਈ ਕਿ ਸਰਕਾਰ ਕਰਮਚਾਰੀਆਂ ਦੇ ਹਿੱਤਾਂ ਨੂੰ ਤਰਜੀਹ ਦੇਣ ਦੀ ਆਪਣੀ ਵਚਨਬੱਧਤਾ ਤੇ ਕਾਇਮ ਰਹੇਗੀ।
