ਵੱਡੀ ਭੀੜ ਨੇ ਦਿੱਤਾ ਸਮਰਥਨ, ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ‘ਚ ਵੋਟ ਪਾਉਣ ਦੀ ਅਪੀਲ
ਤਰਨ ਤਾਰਨ, 3 ਨਵੰਬਰ: (ਚੌਧਰੀ ਛਤਰਪਾਲ ਸਿੰਘ) : ਤਰਨ ਤਾਰਨ ਉਪਚੋਣ ਨੂੰ ਲੈ ਕੇ ਸਿਆਸੀ ਗਰਮੀ ਚਰਮ ਤੇ ਪਹੁੰਚ ਗਈ ਹੈ। ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨ ਤਾਰਨ ਵਿੱਚ ਇੱਕ ਵੱਡਾ ਰੋਡ ਸ਼ੋਅ ਕਰਦਿਆਂ ਚੋਣ ਪ੍ਰਚਾਰ ਦੀ ਕਮਾਨ ਆਪਣੇ ਹੱਥਾਂ ਵਿੱਚ ਲਈ। ਇਸ ਦੌਰਾਨ ਲੋਕਾਂ ਦਾ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਸ਼ਹਿਰ ਦੀਆਂ ਗਲੀਆਂ ‘ਚ “ਝਾੜੂ ਪਾਉ, ਤਰੱਕੀ ਲਿਆਉ” ਦੇ ਨਾਅਰੇ ਗੂੰਜਦੇ ਰਹੇ।

ਰੋਡ ਸ਼ੋਅ ਦੌਰਾਨ ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 11 ਨਵੰਬਰ ਨੂੰ ‘ਆਮ ਆਦਮੀ ਪਾਰਟੀ’ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਵੋਟ ਪਾ ਕੇ ਤਰਨ ਤਾਰਨ ਨੂੰ ਵਿਕਾਸ ਦੇ ਰਾਹ ‘ਤੇ ਲੈ ਜਾਣ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਲੋਕਾਂ ਦੇ ਹਰ ਵਾਅਦੇ ਨੂੰ ਪੂਰਾ ਕਰਨ ਵੱਲ ਤੇਜ਼ੀ ਨਾਲ ਵਧ ਰਹੀ ਹੈ।
ਮੁੱਖ ਮੰਤਰੀ ਨੇ ਇਸ ਮੌਕੇ ਔਰਤਾਂ ਲਈ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਆਉਣ ਵਾਲੇ ਬਜਟ ਵਿੱਚ ਹਰ ਔਰਤ ਨੂੰ ₹1,000 ਪ੍ਰਤੀ ਮਹੀਨਾ ਦੇਣ ਵਾਲੀ ਸਕੀਮ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ “ਹੁਣ ਸਮਾਂ ਆ ਗਿਆ ਹੈ ਵਾਅਦੇ ਪੂਰੇ ਕਰਨ ਦਾ – ਜਿਵੇਂ ਬਿਜਲੀ ਬਿੱਲ ਮੁਆਫ਼ ਕੀਤੇ, ਸਕੂਲ ਤੇ ਹਸਪਤਾਲਾਂ ਦੀ ਸਹੂਲਤ ਸੁਧਾਰੀ ਤੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ, ਤਿਵੇਂ ਔਰਤਾਂ ਲਈ ਵਾਅਦਾ ਵੀ ਪੂਰਾ ਕੀਤਾ ਜਾਵੇਗਾ।”
ਭਗਵੰਤ ਮਾਨ ਨੇ ਕਿਹਾ ਕਿ ਤਰਨ ਤਾਰਨ ਦੀ ਧਰਤੀ ਨੇ ਕਈ ਔਖੇ ਸਮੇਂ ਵੇਖੇ ਹਨ, ਪਰ ਹੁਣ ਤਰੱਕੀ ਅਤੇ ਸੱਚੀ ਸੇਵਾ ਦੀ ਰਾਹੀਂ ਇਤਿਹਾਸ ਲਿਖਣ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ “ਜੇ ਘਰ ਦੇ ਬੱਚੇ ਨੂੰ ਨੌਕਰੀ ਮਿਲਦੀ ਹੈ ਤਾਂ ਪੂਰੇ ਪਰਿਵਾਰ ਦਾ ਜੀਵਨ ਬਦਲ ਜਾਂਦਾ ਹੈ।”
ਮਾਨ ਨੇ ਲੋਕਾਂ ਨਾਲ ਭਾਵੁਕ ਅੰਦਾਜ਼ ਵਿੱਚ ਗੱਲ ਕਰਦਿਆਂ ਕਿਹਾ, “ਮੈਂ ਮੁੱਖ ਮੰਤਰੀ ਨਹੀਂ, ਦੁੱਖਾਂ ਦਾ ਮੰਤਰੀ ਹਾਂ — ਲੋਕਾਂ ਦੀਆਂ ਖੁਸ਼ੀਆਂ ਤੇ ਦੁੱਖਾਂ ਵਿੱਚ ਸਾਂਝ ਪਾਉਣਾ ਮੇਰਾ ਫਰਜ਼ ਹੈ।”
ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਤੇ ਆਮ ਪਰਿਵਾਰਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਹੱਲ ਕਰਨ ਲਈ ਵਚਨਬੱਧ ਹੈ। ਉਪਚੋਣ 11 ਨਵੰਬਰ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਕੀਤੀ ਜਾਵੇਗੀ।







