ਪਟਿਆਲਾ, 29 ਅਕਤੂਬਰ (ਛਤਰਪਾਲ ਸਿੰਘ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਸਮਾਗਮ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਾਰਤ ਤੋਂ ਸਿੱਖ ਸੰਗਤਾਂ ਪਾਕਿਸਤਾਨ ਸਥਿਤ ਗੁਰੂਧਾਮਾਂ, ਵਿਸ਼ੇਸ਼ ਤੌਰ ‘ਤੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਦੇ ਦਰਸ਼ਨ ਲਈ ਜਾਣ ਦੀ ਤਿਆਰੀ ਕਰ ਰਹੀਆਂ ਹਨ। ਪਰ ਇਸ ਵਾਰ ਪਾਕਿਸਤਾਨ ਸਰਕਾਰ ਵੱਲੋਂ ਨਵੀਂ ਤਰੀਕ ਮੁਕੱਰਰ ਕੀਤੇ ਜਾਣ ਕਾਰਨ ਸੰਗਤਾਂ ਵਿਚ ਨਿਰਾਸ਼ਾ ਅਤੇ ਰੋਸ ਹੈ।
ਮਿਲੀ ਜਾਣਕਾਰੀ ਅਨੁਸਾਰ, ਸਿੱਖ ਜਥੇ ਹਰ ਸਾਲ ਸ੍ਰੀ ਆਖੰਡ ਪਾਠ ਸਾਹਿਬ ਦੀ ਆਰੰਭਤਾ (3 ਨਵੰਬਰ) ਦੇ ਦਿਨ ਪਾਕਿਸਤਾਨ ਪਹੁੰਚਦੇ ਹਨ, ਤਾਂ ਜੋ ਗੁਰਪੁਰਬ ਦੀਆਂ ਤਿਆਰੀਆਂ ਵਿੱਚ ਸ਼ਮੂਲੀਅਤ ਕਰ ਸਕਣ। ਪਰ ਇਸ ਵਾਰ ਪਾਕਿਸਤਾਨ ਨੇ ਦਾਖਲੇ ਦੀ ਤਾਰੀਖ 4 ਨਵੰਬਰ ਨਿਰਧਾਰਤ ਕੀਤੀ ਹੈ, ਜਿਸ ਕਾਰਨ ਸੰਗਤਾਂ ਨੂੰ ਆਖੰਡ ਪਾਠ ਦੇ ਆਰੰਭ ਸਮਾਗਮ ਤੋਂ ਵਾਂਝੇ ਰਹਿਣ ਦੀ ਸੰਭਾਵਨਾ ਬਣ ਗਈ ਹੈ।
ਪਦਮ ਸ਼੍ਰੀ ਡਾ. ਜਗਜੀਤ ਸਿੰਘ ਦਰਦੀ, ਜੋ ਹਰ ਸਾਲ ਸਿੱਖ ਜਥਿਆਂ ਦੀ ਅਗਵਾਈ ਕਰਦੇ ਹਨ, ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੰਗਤਾਂ ਨੂੰ 3 ਨਵੰਬਰ ਨੂੰ ਹੀ ਪਾਕਿਸਤਾਨ ਪਹੁੰਚਣ ਦੀ ਆਗਿਆ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਜਥੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸ਼ੁਰੂਆਤੀ ਰਸਮਾਂ ਦਾ ਹਿੱਸਾ ਬਣਨ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਇਸ ਸਬੰਧ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਸਬੀਰ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਵਾਰ 170 ਸ਼ਰਧਾਲੂਆਂ ਨੇ ਵੀਜ਼ੇ ਲਈ ਅਰਜ਼ੀਆਂ ਦਿੱਤੀਆਂ ਸਨ, ਅਤੇ ਸਾਰੇ ਨੂੰ ਵੀਜ਼ੇ ਜਾਰੀ ਹੋ ਚੁੱਕੇ ਹਨ। ਸੰਗਤਾਂ ਨੂੰ ਆਪਣੇ ਪਾਸਪੋਰਟ ਦਿੱਲੀ ਗੁਰਦੁਆਰਾ ਕਮੇਟੀ ਦਫ਼ਤਰ ਤੋਂ ਲੈਣ ਲਈ ਕਿਹਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪਹਿਲਾਂ ਭਾਰਤ ਸਰਕਾਰ ਨੇ ਸੁਰੱਖਿਆ ਕਾਰਨਾਂ ਕਰਕੇ ਜਥੇ ਦੀ ਇਜਾਜ਼ਤ ‘ਤੇ ਰੋਕ ਲਗਾਈ ਸੀ, ਪਰ DSGMC ਵੱਲੋਂ ਕੀਤੀ ਅਪੀਲ ਮਗਰੋਂ ਕੇਂਦਰ ਨੇ ਯਾਤਰਾ ਲਈ ਪ੍ਰਵਾਨਗੀ ਦੇ ਦਿੱਤੀ ਸੀ। ਹੁਣ ਦੋਵੇਂ ਦੇਸ਼ਾਂ ਵਿਚਕਾਰ ਯਾਤਰਾ ਦੀ ਤਾਰੀਖ ਨੂੰ ਲੈ ਕੇ ਆਖਰੀ ਫੈਸਲਾ ਇੱਕ-ਦੋ ਦਿਨਾਂ ਵਿੱਚ ਹੋਣ ਦੀ ਉਮੀਦ ਹੈ।
ਜਾਣਕਾਰੀ ਮੁਤਾਬਕ, ਇਹ ਧਾਰਮਿਕ ਦੌਰਾ ਕੁੱਲ 10 ਦਿਨਾਂ ਦਾ ਹੋਵੇਗਾ, ਜਿਸ ਦੌਰਾਨ ਜਥਾ ਨਨਕਾਣਾ ਸਾਹਿਬ, ਪੰਚਾ ਸਾਹਿਬ ਅਤੇ ਹੋਰ ਇਤਿਹਾਸਕ ਗੁਰੂਧਾਮਾਂ ਦੇ ਦਰਸ਼ਨ ਕਰੇਗਾ। ਦੌਰਾ ਪੂਰਾ ਹੋਣ ਮਗਰੋਂ ਜਥਾ ਵਾਪਸ ਭਾਰਤ ਆਵੇਗਾ।
ਸਿੱਖ ਜਥਿਆਂ ਨੇ ਆਸ ਜਤਾਈ ਹੈ ਕਿ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ‘ਚ ਭਾਵਨਾਤਮਕ ਮਹੱਤਵ ਨੂੰ ਸਮਝਦਿਆਂ ਜਲਦੀ ਕੋਈ ਹੱਲ ਕੱਢਣਗੀਆਂ, ਤਾਂ ਜੋ ਸੰਗਤਾਂ ਨੂੰ ਪੂਰੀ ਸ਼ਰਧਾ ਨਾਲ ਸਮਾਗਮਾਂ ਵਿੱਚ ਸ਼ਮੂਲੀਅਤ ਦਾ ਮੌਕਾ ਮਿਲ ਸਕੇ।







