ਜਥੇਦਾਰ ਬਾਬਾ ਕੁਲਵੰਤ ਸਿੰਘ, ਬਾਬਾ ਨਰਿੰਦਰ ਸਿੰਘ ਤੇ ਹਜੂਰੀ ਫੌਜਾਂ ਵੱਲੋਂ ਸ਼ਾਨਦਾਰ ਸਵਾਗਤ
ਸ੍ਰੀ ਹਜੂਰ ਸਾਹਿਬ/ਤਲਵੰਡੀ ਸਾਬੋ, 27 ਅਕਤੂਬਰ (ਭਾਈ ਮਾਨ ਸਿੰਘ) : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘਾਂ ਦਾ ਸਥਾਪਨਾ ਦਿਵਸ ਅੱਜ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕ੍ਰੋੜੀ ਨਿਹੰਗ ਸਿੰਘ ਫੌਜਾਂ ਸਮੇਤ ਸੱਚਖੰਡ ਸ੍ਰੀ ਹਜੂਰ ਸਾਹਿਬ ਪਹੁੰਚੇ।

ਤਖ਼ਤ ਸ੍ਰੀ ਹਜੂਰ ਸਾਹਿਬ ਪਹੁੰਚਣ ‘ਤੇ ਜਥੇਦਾਰ ਬਾਬਾ ਕੁਲਵੰਤ ਸਿੰਘ, ਬਾਬਾ ਨਰਿੰਦਰ ਸਿੰਘ ਅਤੇ ਹਜੂਰੀ ਫੌਜਾਂ ਵੱਲੋਂ ਬਾਬਾ ਬਲਬੀਰ ਸਿੰਘ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦੋਵਾਂ ਪਾਸਿਆਂ ਤੋਂ ਸਤਿਕਾਰ ਤੇ ਸ਼ਰਧਾ ਪ੍ਰਗਟ ਕੀਤੀ ਗਈ।
ਸਥਾਪਨਾ ਦਿਵਸ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਸੀ। ਗੁਰਦੁਆਰਾ ਲੰਗਰ ਸਾਹਿਬ ਵਿਖੇ ਬਾਬਾ ਬਲਬੀਰ ਸਿੰਘ ਨੇ ਬਾਬਾ ਨਰਿੰਦਰ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਤੇ ਨਿਹੰਗ ਸਿੰਘਾਂ ਦਾ ਸਨਮਾਨ ਕੀਤਾ ਗਿਆ।
ਪੱਤਰਕਾਰ ਨਾਲ ਗੱਲਬਾਤ ਦੌਰਾਨ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ ਨੇ ਦੱਸਿਆ ਕਿ ਹਰ ਸਾਲ ਪੰਥ ਖਾਲਸਾ ਬੁੱਢਾ ਦਲ ਵੱਲੋਂ ਸ੍ਰੀ ਹਜੂਰ ਸਾਹਿਬ ‘ਚ ਪੂਰੇ ਜਾਹੋ ਜਲਾਲ ਨਾਲ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ। ਇਹ ਸਮਾਰੋਹ ਨਿਹੰਗ ਮਰਿਆਦਾ ਤੇ ਸਿੱਖ ਪਰੰਪਰਾਵਾਂ ਦੀ ਰੂਹ ਨੂੰ ਤਾਜ਼ਾ ਕਰਨ ਦਾ ਪ੍ਰਤੀਕ ਹੈ।
ਇਸ ਮੌਕੇ ਭਾਈ ਰਵਿੰਦਰ ਸਿੰਘ ਬੁੰਗਈ, ਰਣਬੀਰ ਸਿੰਘ ਰਾਣਾ (ਸ਼ੇਰੇ ਪੰਜਾਬ ਹੋਟਲ), ਭਾਈ ਇੰਦਰਵੀਰ ਸਿੰਘ ਰਿਕੀ ਫੌਜੀ, ਭਾਈ ਰਣਜੋਤ ਸਿੰਘ ਹਜੂਰੀ ਸੇਵਾਦਾਰ ਤੇ ਹੋਰ ਪ੍ਰਮੁੱਖ ਹਜੂਰੀ ਸਿੰਘ ਵੀ ਹਾਜ਼ਰ ਸਨ। ਨਾਲ ਹੀ ਭਾਈ ਹਰਪ੍ਰੀਤ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ ਸਮਾਣਾ, ਬਾਬਾ ਬੂਟਾ ਸਿੰਘ ਬੁੱਢਾ ਜੌਹੜ, ਬਾਬਾ ਸਤਨਾਮ ਸਿੰਘ ਮਠਿਆਈਸਰ, ਬਾਬਾ ਬਲਦੇਵ ਸਿੰਘ ਪਟਿਆਲਾ, ਬਾਬਾ ਸ਼ੇਰ ਸਿੰਘ ਸਿਵੀਆ ਸਮੇਤ ਕਈ ਜਥੇਦਾਰ ਨਿਹੰਗ ਸਿੰਘਾਂ ਨੇ ਸ਼ਮੂਲੀਅਤ ਕੀਤੀ।
ਸਮਾਰੋਹ ਦਾ ਸਮਾਪਨ ਅਰਦਾਸ ਨਾਲ ਕੀਤਾ ਗਿਆ ਅਤੇ ਸਾਰੇ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ।
ਇਹ ਪਵਿੱਤਰ ਸਮਾਗਮ ਨਿਹੰਗ ਪੰਥ ਦੀ ਰੂਹਾਨੀ ਸ਼ਾਨ ਅਤੇ ਪੰਥਕ ਏਕਤਾ ਦਾ ਪ੍ਰਤੀਕ ਬਣਿਆ।