Home ਪਟਿਆਲਾ ਅਪਡੇਟ ਪਟਿਆਲਾ ਵਿੱਚ ਸਰਕਾਰੀ ਪ੍ਰਿੰਟਿੰਗ ਪ੍ਰੈੱਸ ਵੇਚਣ ਦੇ ਫ਼ੈਸਲੇ ਖ਼ਿਲਾਫ਼ ਰੋਸ — ਅਕਾਲੀ...

ਪਟਿਆਲਾ ਵਿੱਚ ਸਰਕਾਰੀ ਪ੍ਰਿੰਟਿੰਗ ਪ੍ਰੈੱਸ ਵੇਚਣ ਦੇ ਫ਼ੈਸਲੇ ਖ਼ਿਲਾਫ਼ ਰੋਸ — ਅਕਾਲੀ ਦਲ ਨੇ ਦਿੱਤਾ ਸਮਰਥਨ ਕਰਮਚਾਰੀਆਂ ਵਲੋਂ ਧਰਨਾ, ਸਰਕਾਰ ਨੂੰ ਫੈਸਲਾ ਰੱਦ ਕਰਨ ਦੀ ਮੰਗ

0

ਪਟਿਆਲਾ, 18 ਅਕਤੂਬਰ (ਛਤਰਪਾਲ ਸਿੰਘ): ਪਟਿਆਲਾ ਦੀ ਸਰਕਾਰੀ ਪ੍ਰਿੰਟਿੰਗ ਪ੍ਰੈੱਸ ਨੂੰ ਪੁੱਡਾ ਵਲੋਂ ਵੇਚੇ ਜਾਣ ਦੇ ਫ਼ੈਸਲੇ ਦੇ ਖ਼ਿਲਾਫ਼ ਅੱਜ ਕਰਮਚਾਰੀਆਂ ਨੇ ਜ਼ਬਰਦਸਤ ਰੋਸ ਪ੍ਰਗਟ ਕੀਤਾ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਧਰਨਾ ਦਿੱਤਾ। ਕਰਮਚਾਰੀਆਂ ਨੇ ਇਸ ਫ਼ੈਸਲੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਇਸ ਧਰਨੇ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਮਿਤ ਸਿੰਘ ਰਾਠੀ ਨੇ ਸਮਰਥਨ ਦਿੱਤਾ।

ਧਰਨੇ ਦੌਰਾਨ ਅਕਾਲੀ ਦਲ ਦੇ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਸ਼ਾਮਲ ਹੋਏ। ਇਸ ਮੌਕੇ ਅਮਿਤ ਸਿੰਘ ਰਾਠੀ ਨੇ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰੇਕ ਵਰਗ ਨੂੰ ਨਿਰਾਸ਼ ਕਰ ਰਹੀ ਹੈ। “ਹੁਣ ਇਹ ਸਰਕਾਰ ਸਰਕਾਰੀ ਸੰਸਥਾਵਾਂ ਨੂੰ ਵੇਚ ਕੇ ਉਨ੍ਹਾਂ ਦੇ ਕਰਮਚਾਰੀਆਂ ਨੂੰ ਬੇਸਹਾਰਾ ਛੱਡਣਾ ਚਾਹੁੰਦੀ ਹੈ,” ਉਨ੍ਹਾਂ ਕਿਹਾ।

ਉਨ੍ਹਾਂ ਦੱਸਿਆ ਕਿ ਪਟਿਆਲਾ ਦੀ ਸਰਕਾਰੀ ਪ੍ਰਿੰਟਿੰਗ ਪ੍ਰੈੱਸ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਦੇ ਮਹੱਤਵਪੂਰਨ ਪ੍ਰਕਾਸ਼ਨ ਕੰਮਾਂ ਵਿੱਚ ਅਹਿਮ ਯੋਗਦਾਨ ਪਾਉਂਦੀ ਆ ਰਹੀ ਹੈ ਅਤੇ ਇਸ ਵਿੱਚ ਸੈਂਕੜੇ ਕਰਮਚਾਰੀ ਕਈ ਦਹਾਕਿਆਂ ਤੋਂ ਕੰਮ ਕਰ ਰਹੇ ਹਨ। “ਜੇਕਰ ਇਹ ਜ਼ਮੀਨ ਪੁੱਡਾ ਰਾਹੀਂ ਵੇਚੀ ਗਈ ਅਤੇ ਵਿਭਾਗ ਨੂੰ ਚੰਡੀਗੜ੍ਹ ਤਬਦੀਲ ਕੀਤਾ ਗਿਆ, ਤਾਂ ਕਰਮਚਾਰੀਆਂ ਨੂੰ ਪਰਿਵਾਰਕ ਅਤੇ ਆਰਥਿਕ ਦੋਵੇਂ ਪੱਧਰਾਂ ’ਤੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ,” ਰਾਠੀ ਨੇ ਕਿਹਾ।

ਕਰਮਚਾਰੀਆਂ ਨੇ ਦੱਸਿਆ ਕਿ ਇਹ ਪ੍ਰੈੱਸ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੀਆਂ ਛਪਾਈਆਂ ਦਾ ਕੰਮ ਕਰਦੀ ਹੈ, ਅਤੇ ਜੇਕਰ ਜ਼ਮੀਨ ਵੇਚੀ ਗਈ ਤਾਂ ਦਰਜਨਾਂ ਕਰਮਚਾਰੀਆਂ ਦੀ ਰੋਜ਼ੀ-ਰੋਟੀ ਉੱਤੇ ਸੰਕਟ ਪੈ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਸੰਸਥਾਵਾਂ ਨੂੰ ਬੰਦ ਕਰਕੇ ਜ਼ਮੀਨਾ ਵੇਚਣ ਦੀ ਸਰਕਾਰੀ ਨੀਤੀ ਗਲਤ ਹੈ ਅਤੇ ਇਸ ਨਾਲ ਮਿਹਨਤੀ ਕਰਮਚਾਰੀਆਂ ਨਾਲ ਨਾਇਨਸਾਫ਼ੀ ਹੋ ਰਹੀ ਹੈ।

ਇਸ ਮੌਕੇ ਜਸਪ੍ਰੀਤ ਸਿੰਘ, ਮਨਜੀਤ ਸਿੰਘ, ਕੰਵਰਜੀਤ ਸਿੰਘ ਬੌਬੀ ਅਤੇ ਰਮਨਦੀਪ ਕੌਰ ਸਮੇਤ ਹੋਰ ਆਗੂਆਂ ਨੇ ਵੀ ਆਪਣੇ ਵਿਚਾਰ ਰੱਖਦੇ ਹੋਏ ਮੰਗ ਕੀਤੀ ਕਿ ਪ੍ਰਿੰਟਿੰਗ ਪ੍ਰੈੱਸ ਵਰਗੀ ਇਤਿਹਾਸਕ ਸੰਸਥਾ ਨੂੰ ਖਤਮ ਕਰਨ ਦੀ ਬਜਾਏ ਇਸ ਨੂੰ ਆਧੁਨਿਕ ਸਹੂਲਤਾਂ ਨਾਲ ਦੁਬਾਰਾ ਮਜ਼ਬੂਤ ਕੀਤਾ ਜਾਵੇ।

ਧਰਨੇ ਦੌਰਾਨ ਕਰਮਚਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਆਪਣਾ ਫ਼ੈਸਲਾ ਵਾਪਸ ਨਾ ਲਿਆ, ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ।

ਇਸ ਮੌਕੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਲੰਗ, ਸਰਕਲ ਪ੍ਰਧਾਨ ਸਿਮਰਨਜੀਤ ਸਿੰਘ ਸਨੀ, ਸੀਨੀਅਰ ਐਮਸੀ ਸੰਦੀਪ ਸਿੰਘ ਸੰਧੂ ਅਤੇ ਯੂਥ ਪ੍ਰਧਾਨ ਕਰਨਬੀਰ ਸਿੰਘ ਵੀ ਹਾਜ਼ਰ ਸਨ।

Exit mobile version