ਪੰਚਕੂਲਾ: (ਛਤਰਪਾਲ ਸਿੰਘ) : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੁੱਖ ਮੰਤਰੀ ਪੇਂਡੂ ਆਵਾਸ ਯੋਜਨਾ-2 ਅਤੇ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ-2 ਦੇ ਤਹਿਤ ਹਜ਼ਾਰਾਂ ਗਰੀਬ ਪਰਿਵਾਰਾਂ ਨੂੰ ਘਰਾਂ ਦੇ ਸੁਪਨੇ ਸਾਕਾਰ ਕਰਦੇ ਹੋਏ ਪਲਾਟਾਂ ਦੇ ਅਲਾਟਮੈਂਟ ਪੱਤਰ ਵੰਡੇ।
ਪੰਚਕੂਲਾ ਵਿੱਚ ਆਯੋਜਿਤ ਰਾਜ ਪੱਧਰੀ ਸਮਾਗਮ ਦੌਰਾਨ, ਉਨ੍ਹਾਂ ਨੇ 141 ਪਿੰਡਾਂ ਅਤੇ ਦੋ ਮਹਾਗ੍ਰਾਮ ਪੰਚਾਇਤਾਂ ਦੇ 8029 ਗਰੀਬ ਪਰਿਵਾਰਾਂ, ਅਤੇ ਪਿੰਜੌਰ ਦੇ 518 ਗਰੀਬ ਪਰਿਵਾਰਾਂ ਨੂੰ ਘਰਾਂ ਲਈ ਪਲਾਟਾਂ ਦੇ ਅਲਾਟਮੈਂਟ ਪੱਤਰ ਸੌਂਪੇ।
ਇਸ ਮੌਕੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਧਨਤੇਰਸ ਦੀ ਛੁੱਟੀ ਦੇ ਬਾਵਜੂਦ ਸਬੰਧਤ ਜ਼ਿਲ੍ਹਿਆਂ ਦੇ ਤਹਿਸੀਲ ਦਫ਼ਤਰ ਖੁੱਲ੍ਹੇ ਰਹਿਣਗੇ, ਤਾਂ ਜੋ ਲੋਕਾਂ ਨੂੰ ਆਪਣੀ ਜਾਇਦਾਦ ਨਾਲ ਜੁੜੇ ਕੰਮਾਂ ਵਿੱਚ ਕੋਈ ਰੁਕਾਵਟ ਨਾ ਆਵੇ।
ਉਨ੍ਹਾਂ ਨੇ ਪੰਚਾਇਤਾਂ ਨੂੰ ਸਟੈਂਪ ਡਿਊਟੀ ਅਤੇ ਬਿਜਲੀ ਦੀ ਖਪਤ ‘ਤੇ ਪੰਚਾਇਤ ਸੈੱਸ ਵਜੋਂ 1044 ਕਰੋੜ 57 ਲੱਖ ਰੁਪਏ, 322 ਪਿੰਡਾਂ ਵਿੱਚ ਫਿਰਨੀਆਂ ਦੇ ਨਿਰਮਾਣ ਲਈ 169 ਕਰੋੜ ਰੁਪਏ, ਅਤੇ ਸ਼ਹਿਰੀ ਵਿਕਾਸ ਕਾਰਜਾਂ ਲਈ ਨਗਰ ਨਿਗਮਾਂ ਨੂੰ 1483 ਕਰੋੜ 77 ਲੱਖ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ।
ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਸਰਕਾਰ ਦਾ ਮੁੱਖ ਲਕਸ਼ ਹਰ ਗਰੀਬ ਪਰਿਵਾਰ ਨੂੰ ਛੱਤ ਪ੍ਰਦਾਨ ਕਰਨਾ ਹੈ ਅਤੇ ਪਿੰਡਾਂ ਤੋਂ ਸ਼ਹਿਰਾਂ ਤੱਕ ਸੰਤੁਲਿਤ ਵਿਕਾਸ ਯਕੀਨੀ ਬਣਾਉਣਾ ਹੈ।









