ਨਵੀਂ ਦਿੱਲੀ, 15 ਅਕਤੂਬਰ: ਦੀਵਾਲੀ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਲਾਨ ਕੀਤਾ ਕਿ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਵਿੱਚ 100 ਪ੍ਰਤੀਸ਼ਤ ਵਾਧਾ ਕੀਤਾ ਗਿਆ ਹੈ।

ਰੱਖਿਆ ਮੰਤਰਾਲੇ ਮੁਤਾਬਕ, ਇਹ ਵਧਿਆ ਹੋਇਆ ਲਾਭ ਕੇਂਦਰੀ ਫੌਜੀ ਬੋਰਡ (Central Armed Forces Board) ਰਾਹੀਂ ਸਾਬਕਾ ਸੈਨਿਕ ਭਲਾਈ ਵਿਭਾਗ ਦੀਆਂ ਯੋਜਨਾਵਾਂ ਅਧੀਨ ਦਿੱਤਾ ਜਾਵੇਗਾ। ਰੱਖਿਆ ਮੰਤਰਾਲੇ ਦੇ ਅਨੁਸਾਰ, ਗਰੀਬੀ ਗ੍ਰਾਂਟ ₹4,000 ਤੋਂ ਵਧਾ ਕੇ ₹8,000 ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਇਹ ਸਹਾਇਤਾ 65 ਸਾਲ ਤੋਂ ਉੱਪਰ ਦੇ ਗੈਰ-ਪੈਨਸ਼ਨਰ ਸਾਬਕਾ ਸੈਨਿਕਾਂ, ਉਨ੍ਹਾਂ ਦੀਆਂ ਵਿਧਵਾਵਾਂ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਹੋਵੇਗੀ।

ਸਾਬਕਾ ਸੈਨਿਕਾਂ ਅਤੇ ਵਿਧਵਾਵਾਂ ਦੇ ਬੱਚਿਆਂ ਲਈ ਸਿੱਖਿਆ ਗ੍ਰਾਂਟ ₹1,000 ਤੋਂ ਵਧਾ ਕੇ ₹2,000 ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਇਹ ਲਾਭ ਦੋ ਬੱਚਿਆਂ ਵਾਲੀਆਂ ਵਿਧਵਾਵਾਂ ਨੂੰ ਪਹਿਲੀ ਜਮਾਤ ਤੋਂ ਗ੍ਰੈਜੂਏਸ਼ਨ ਤੱਕ ਜਾਂ ਦੋ ਸਾਲਾਂ ਦੇ ਗ੍ਰੈਜੂਏਟ ਕੋਰਸ ਤੱਕ ਮਿਲੇਗਾ।

ਵਿਆਹ ਗ੍ਰਾਂਟ ਵੀ ₹50,000 ਤੋਂ ਵਧਾ ਕੇ ₹1,00,000 ਪ੍ਰਤੀ ਲਾਭਪਾਤਰੀ ਕਰ ਦਿੱਤੀ ਗਈ ਹੈ। ਇਹ ਸਹਾਇਤਾ ਸਾਬਕਾ ਸੈਨਿਕਾਂ ਦੀਆਂ ਵੱਧ ਤੋਂ ਵੱਧ ਦੋ ਧੀਆਂ ਜਾਂ ਵਿਧਵਾ ਪੁਨਰ ਵਿਆਹ ਲਈ ਮਿਲੇਗੀ।

 1 ਨਵੰਬਰ ਤੋਂ ਲਾਗੂ

ਨਵੀਆਂ ਦਰਾਂ 1 ਨਵੰਬਰ 2025 ਤੋਂ ਜਮ੍ਹਾਂ ਕੀਤੀਆਂ ਅਰਜ਼ੀਆਂ ’ਤੇ ਲਾਗੂ ਹੋਣਗੀਆਂ।
ਇਸ ਸਕੀਮ ਦਾ ਸਾਲਾਨਾ ਵਿੱਤੀ ਪ੍ਰਭਾਵ ਲਗਭਗ ₹257 ਕਰੋੜ ਹੋਵੇਗਾ, ਜੋ ਆਰਮਡ ਫੋਰਸਿਜ਼ ਫਲੈਗ ਡੇ ਫੰਡ (AFFDF) ਤੋਂ ਭਰਿਆ ਜਾਵੇਗਾ।

ਸਮਾਜਿਕ ਸੁਰੱਖਿਆ ਹੋਵੇਗੀ ਹੋਰ ਮਜ਼ਬੂਤ

ਇਸ ਫੈਸਲੇ ਨਾਲ ਗੈਰ-ਪੈਨਸ਼ਨਰ ਸਾਬਕਾ ਸੈਨਿਕਾਂ, ਉਨ੍ਹਾਂ ਦੀਆਂ ਵਿਧਵਾਵਾਂ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਵਿੱਤੀ ਮਜ਼ਬੂਤੀ ਤੇ ਸਮਾਜਿਕ ਸੁਰੱਖਿਆ ਦਾ ਨਵਾਂ ਸਹਾਰਾ ਮਿਲੇਗਾ। ਸਰਕਾਰ ਦਾ ਇਹ ਕਦਮ ਸਾਬਕਾ ਸੈਨਿਕਾਂ ਦੀ ਭਲਾਈ ਲਈ ਇਤਿਹਾਸਕ ਮੰਨਿਆ ਜਾ ਰਿਹਾ ਹੈ।