ਪਟਿਆਲਾ: ਸਮਾਜ ਸੇਵੀ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਜ਼ਰੂਰਤਮੰਦ ਅਤੇ ਹੋਣਹਾਰ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਉਣ ਤਾਂ ਜੋ ਕੋਈ ਵੀ ਵਿਦਿਆਰਥੀ ਸਾਧਨਾਂ ਦੀ ਘਾਟ ਕਰਕੇ ਆਪਣੀ ਪੜ੍ਹਾਈ ਵਿਚਕਾਰ ਨਾ ਛੱਡੇ। ਇਹ ਸ਼ਬਦ ਆਲ ਇੰਡੀਆ ਸ਼੍ਰੋਮਣੀ ਮੰਦਰ ਪ੍ਰਬੰਧਕ ਕਮੇਟੀ (ਰਜਿ.) ਪਟਿਆਲਾ ਵੱਲੋਂ ਚਲਾਏ ਜਾ ਰਹੇ ਸਮਾਜ ਸੇਵਾ ਅਭਿਆਨ ਦੇ ਤਹਿਤ ਭੈਣ ਨੀਲਮ ਦੱਤ ਨੇ ਐਸ.ਡੀ.ਐਸ.ਈ. ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਵਿਖੇ ਵਿਦਿਆ ਵਿੱਤੀ ਸਹਾਇਤਾ ਵੰਡ ਸਮਾਰੋਹ ਦੌਰਾਨ ਕਹੇ।
ਇਸ ਸਮਾਰੋਹ ਵਿਚ ਮੁੱਖ ਮਹਿਮਾਨ ਭੈਣ ਨੀਲਮ ਦੱਤ ਸਨ, ਜੋ ਇਕ ਕ੍ਰਾਂਤੀਕਾਰੀ ਸਨਾਤਨੀ ਅਤੇ ਨਿਸਵਾਰਥ ਸਮਾਜ ਸੇਵਿਕਾ ਹਨ। ਉਹ ਆਲ ਇੰਡੀਆ ਸ਼੍ਰੋਮਣੀ ਮੰਦਰ ਪ੍ਰਬੰਧਕ ਕਮੇਟੀ (ਰਜਿ.) ਪਟਿਆਲਾ ਦੇ ਸੰਸਥਾਪਕ ਅਧਿਅਕਸ਼ ਸਵ. ਅਨੀਲ ਦੱਤ ਦੀ ਧਰਮਪਤਨੀ ਹਨ। ਸਮਾਰੋਹ ਦੀ ਅਗਵਾਈ ਸਨਾਤਨ ਧਰਮ ਸੰਸਕ੍ਰਿਤ ਇੰਗਲਿਸ਼ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਦੇ ਪ੍ਰਿੰਸੀਪਲ ਰਿਪੁਦਮਨ ਸਿੰਘ ਨੇ ਕੀਤੀ।
ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੇ ਹੋਏ ਭੈਣ ਨੀਲਮ ਦੱਤ ਨੇ ਕਿਹਾ ਕਿ ਸਿੱਖਿਆ ਅਤੇ ਚੰਗੇ ਸੰਸਕਾਰਾਂ ਤੋਂ ਬਿਨਾ ਮਨੁੱਖ ਪਸ਼ੂ ਦੇ ਸਮਾਨ ਹੈ। ਇਸ ਲਈ ਹਰ ਵਿਦਿਆਰਥੀ ਨੂੰ ਸਿੱਖਿਆ ਰੂਪੀ ਖਜ਼ਾਨੇ ਨੂੰ ਪ੍ਰਾਪਤ ਕਰਨ ਲਈ ਆਪਣਾ ਸਰਵੋਤਮ ਯਤਨ ਕਰਨਾ ਚਾਹੀਦਾ ਹੈ। ਸਿੱਖਿਆ ਉਹ ਧਨ ਹੈ ਜਿਸਨੂੰ ਕੋਈ ਚੋਰ ਨਹੀਂ ਚੁਰਾ ਸਕਦਾ। ਇਹ ਵਿਦਿਆ ਧਨ ਮਨੁੱਖ ਦੇ ਮਨ ਤੇ ਹਿਰਦੇ ਵਿਚ ਸਦਾ ਸੁਰੱਖਿਅਤ ਰਹਿੰਦਾ ਹੈ ਅਤੇ ਇਸ ਦੀ ਬਰਕਤ ਨਾਲ ਮਨੁੱਖ ਜੀਵਨ ਵਿਚ ਸਫਲਤਾਵਾਂ ਹਾਸਲ ਕਰਦਾ ਹੈ।
ਸਿੱਖਿਆ ਸ਼ਾਸਤਰੀ ਅਨੀਲ ਕੁਮਾਰ ਭਾਰਤੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਐਸ.ਡੀ.ਐਸ.ਈ. ਸਕੂਲ ਦੀ ਮਾਤਾ ਸੰਸਥਾ ਸ਼੍ਰੀ ਸਨਾਤਨ ਧਰਮ ਸਭਾ (ਰਜਿ.) ਪਟਿਆਲਾ ਦੇ ਪ੍ਰਧਾਨ ਲਾਲ ਚੰਦ ਜਿੰਦਲ, ਸੀਨੀਅਰ ਉਪ ਪ੍ਰਧਾਨ ਵਿਜੈ ਮੋਹਨ ਗੁਪਤਾ, ਉਪ ਪ੍ਰਧਾਨ ਐਨ.ਕੇ. ਜੈਨ, ਸਕੂਲ ਪ੍ਰਬੰਧਕ ਇੰਜੀਨੀਅਰ ਐੱਮ.ਐੱਮ. ਸਿਆਲ ਅਤੇ ਪ੍ਰਿੰਸੀਪਲ ਰਿਪੁਦਮਨ ਸਿੰਘ ਦੇ ਕੁਸ਼ਲ ਨੇਤ੍ਰਿਤਵ ਹੇਠ ਐਸ.ਡੀ.ਐਸ.ਈ. ਸਕੂਲ ਹਜ਼ਾਰਾਂ ਬੱਚਿਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ, ਅੰਤਰਰਾਸ਼ਟਰੀ ਪੱਧਰ ਦੇ ਖੇਡ ਤੇ ਸਨਾਤਨ ਧਰਮ ਦੇ ਪਵਿੱਤਰ ਮੁੱਲ ਸਿੱਖਾ ਰਿਹਾ ਹੈ।
ਅੱਜ ਦੇ ਸਮਾਰੋਹ ਦੌਰਾਨ ਸਕੂਲ ਦੇ ਮੇਧਾਵੀ ਵਿਦਿਆਰਥੀਆਂ ਨੂੰ ਆਲ ਇੰਡੀਆ ਸ਼੍ਰੋਮਣੀ ਮੰਦਰ ਪ੍ਰਬੰਧਕ ਕਮੇਟੀ (ਰਜਿ.) ਪਟਿਆਲਾ ਵੱਲੋਂ ₹15,000 ਦੀ ਰਾਸ਼ੀ ਦਾ ਦੂਜਾ ਚੈੱਕ ਪ੍ਰਦਾਨ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਰਿਪੁਦਮਨ ਸਿੰਘ ਨੇ ਸੰਸਥਾ ਦੇ ਸਾਰੇ ਅਧਿਕਾਰੀਆਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ 25 ਸਾਲਾਂ ਤੱਕ ਸਕੂਲ ਨੂੰ ਸੇਵਾਵਾਂ ਦੇਣ ਤੋਂ ਬਾਅਦ ਸੇਵਾਮੁਕਤ ਹੋਏ ਐਸ.ਐਸ. ਮਾਸਟਰ ਅਨੀਲ ਕੁਮਾਰ ਭਾਰਤੀ ਦੀ ਵੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਦੇ ਯਤਨਾਂ ਨਾਲ ਇਹ ਪੁਣ੍ਯ ਕਾਰਜ ਲਗਾਤਾਰ ਜਾਰੀ ਹੈ।







