ਪਟਿਆਲਾ, 2 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ): ਰਾਸ਼ਟਰੀ ਸਵੈ-ਇੱਛਕ ਖੂਨਦਾਨ ਦਿਵਸ ਯੂ.ਕੇ. ਰਿਜ਼ੋਰਟ, ਭਾਦਸੋਂ ਰੋਡ,ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਡਾ. ਬਲਬੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਸਵੈ-ਇਛਾ ਨਾਲ ਸਭ ਤੋਂ ਵੱਧ ਖੂਨਦਾਨ ਕਰਨ ਵਾਲੀਆਂ ਖੂਨਦਾਨੀ ਸੰਸਥਾਵਾਂ ਤੇ ਵਿਅਕਤੀਆਂ ਦਾ ਸਨਮਾਨ ਵੀ ਕੀਤਾ ਗਿਆ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਹਰ ਸਾਲ ਬੀਤੇ ਦਿਨ ਸਵੈਇੱਛੁਕ ਖੂਨਦਾਨ ਡਾ. ਜੈ ਗੋਪਾਲ ਜੌਲੀ ਜੀ ਦੀ ਯਾਦ ਵਿੱਚ ਰਾਸ਼ਟਰੀ ਸਵੈਇੱਛੁਕ ਖੂਨਦਾਨ ਦਿਵਸ ਮਨਾਇਆ ਜਾਂਦਾ ਹੈ। ਅੱਜ ਇਸ ਦੇ 50 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਇਸ ਸਾਲ ਭਾਰਤ ਸਰਕਾਰ ਵੱਲੋਂ ਇਹ ਦਿਵਸ “ਰਕਤ ਦਾਨ ਕਰੋ, ਉਮੀਦ ਜਗਾਓ, ਆਓ ਆਪਾਂ ਸਾਰੇ ਮਿਲ ਕੇ ਜ਼ਿੰਦਗੀਆਂ ਬਚਾਈਏ” ਥੀਮ ਨਾਲ ਮਨਾਇਆ ਜਾ ਰਿਹਾ ਹੈ। ਖੂਨ ਅਤੇ ਖੂਨ ਦੇ ਤੱਤਾਂ ਦੀ ਸੁਰੱਖਿਅਤ ਅਤੇ ਲੋੜੀਂਦੀ ਮਾਤਰਾ ਵਿੱਚ ਸਪਲਾਈ ਲਈ ਸਵੈਇਛੁੱਕ ਖੂਨਦਾਨੀਆਂ ਨੂੰ ਸਤੰਭ ਕਿਹਾ ਜਾਂਦਾ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ 184 ਲਾਈਸੈਂਸਡ ਬਲੱਡ ਸੈਂਟਰ ਹਨ, ਜਿਨ੍ਹਾਂ ਵਿਚੋਂ 49 ਸਰਕਾਰੀ, 7 ਮਿਲਟਰੀ ਅਤੇ 129 ਪ੍ਰਾਈਵੇਟ ਬਲੱਡ ਸੈਂਟਰ ਚਲਾਏ ਜਾ ਰਹੇ ਹਨ। ਸਰਕਾਰੀ ਤੇ ਲਾਇਸੈਂਸ-ਸ਼ੁਦਾ ਪ੍ਰਾਈਵੇਟ ਬਲੱਡ ਸੈਂਟਰਾਂ ਵਿੱਚ ਪ੍ਰਮੁੱਖ ਪੰਜ ਬਿਮਾਰੀਆਂ ਦੀ ਜਾਂਚ ਤੋਂ ਬਾਅਦ ਹੀ ਖੂਨ ਚੜ੍ਹਾਇਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਡਰੱਗ ਐਂਡ ਕੋਸਮੈਟਿਕ ਐਕਟ 1940 ਦੇ ਅਨੁਸਾਰ ਕੋਈ ਵੀ 18 ਤੋ 65 ਸਾਲ ਦਾ ਤੰਦਰੁਸਤ ਵਿਅਕਤੀ ਖੂਨਦਾਨ ਕਰ ਸਕਦਾ ਹੈ । ਇੱਕ ਤੰਦਰੁਸਤ ਮਰਦ ਹਰ ਤਿੰਨ ਅਤੇ ਔਰਤ ਚਾਰ ਮਹੀਨੇ ਬਾਅਦ ਖੂਨਦਾਨ ਕਰ ਸਕਦੀ ਹੈ ।
