ਮੋਹਾਲੀ 20 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਬੋਰਡ ਨੇ ਪੰਜਾਬ ਰਾਜ ਦੇ ਸਾਰੇ ਸਰਕਾਰੀ, ਐਡਿਡ, ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲਾਂ ਦੇ ਸਕੂਲ ਮੁਖੀਆਂ ਨੂੰ ਸੂਚਿਤ ਕੀਤਾ ਹੈ ਕਿ ਸੈਸ਼ਨ 2025-26 ਲਈ 8ਵੀਂ, 9ਵੀਂ, 10ਵੀਂ, 11ਵੀਂ ਅਤੇ 12ਵੀਂ ਜਮਾਤਾਂ ਦੇ ਵਿਦਿਆਰਥੀਆਂ ਦੇ ਵੇਰਵੇ ਜਿਵੇਂ ਨਾਮ, ਪਿਤਾ/ਮਾਤਾ ਦਾ ਨਾਮ, ਜਨਮ ਤਾਰੀਖ, ਰਜਿਸਟ੍ਰੇਸ਼ਨ ਨੰਬਰ, ਫੋਟੋ, ਦਸਤਖਤ, ਵਿਸ਼ੇ, ਸਟ੍ਰੀਮ ਆਦਿ ਦੀ ਆਨਲਾਈਨ ਐਂਟਰੀ ਕਰਦੇ ਸਮੇਂ ਜੇਕਰ ਕਿਸੇ ਸਕੂਲ ਤੋਂ ਵਿਦਿਆਰਥੀਆਂ ਦੇ ਇਨ੍ਹਾਂ ਵੇਰਵਿਆਂ ਵਿੱਚ ਕੋਈ ਗਲਤੀ ਰਹਿ ਗਈ ਹੈ ਤਾਂ ਅਜਿਹੀਆਂ ਗਲਤੀਆਂ ਨੂੰ ਸੁਧਾਰਨ ਦਾ ਮੌਕਾ ਬੋਰਡ ਵੱਲੋਂ ਦਿੱਤਾ ਜਾ ਰਿਹਾ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੂਬੇ ਭਰ ਦੇ ਸਕੂਲਾਂ ਨੂੰ ਇੱਕ ਇਹ ਵੱਡੀ ਰਾਹਤ ਹੈ। ਇਸ ਦੌਰਾਨ ਜੇਕਰ ਵਿਦਿਆਰਥੀ ਦੇ ਵੇਰਵੇ ਜਿਵੇਂ ਨਾਮ, ਪਿਤਾ ਦਾ ਨਾਮ, ਮਾਤਾ ਦਾ ਨਾਮ, ਆਧਾਰ ਨੰਬਰ, ਮਾਧਿਅਮ ਆਦਿ ਵਿੱਚ ਕੋਈ ਸੋਧ ਕਰਨੀ ਹੈ ਤਾਂ ਇਸਦੇ ਲਈ 20 ਸਤੰਬਰ ਤੋਂ 30 ਸਤੰਬਰ ਤੱਕ ਸਕੂਲ ਪੱਧਰ ‘ਤੇ ਹੀ ਬਿਨਾਂ ਕਿਸੇ ਸ਼ੁਲਕ ਦੇ ਸੋਧ ਪ੍ਰੋਫਾਰਮਾ ਜਨਰੇਟ ਕਰਕੇ ਸੋਧ ਕੀਤੀ ਜਾ ਸਕਦੀ ਹੈ।
ਇਸ ਤੋਂ ਬਾਅਦ 1 ਅਕਤੂਬਰ ਤੋਂ 15 ਅਕਤੂਬਰ ਤੱਕ 200 ਰੁਪਏ ਪ੍ਰਤੀ ਸੋਧ ਸ਼ੁਲਕ ਦੇ ਨਾਲ ਸੋਧ ਪ੍ਰੋਫਾਰਮਾ ਅਤੇ ਜਰੂਰੀ ਰਿਕਾਰਡ ਲੈ ਕੇ ਕੇਵਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜਿਲ੍ਹਾ ਖੇਤਰੀ ਦਫਤਰਾਂ ਵਿੱਚ ਸੋਧਾਂ ਨੂੰ ਵੈਰੀਫਾਈ ਕਰਵਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਨੰਬਰ, ਜਨਮ ਤਾਰੀਖ਼, ਫੋਟੋ, ਦਸਤਖ਼ਤ, ਵਿਸ਼ੇ ਅਤੇ ਸਟ੍ਰੀਮ ਵਿੱਚ ਸੋਧ ਲਈ 20 ਸਤੰਬਰ ਤੋਂ 15 ਅਕਤੂਬਰ ਤੱਕ ਸੋਧ ਪ੍ਰੋਫਾਰਮਾ ਸਮੇਤ ਜ਼ਰੂਰੀ ਦਸਤਾਵੇਜ਼ ਅਤੇ 1000 ਰੁਪਏ ਪ੍ਰਤੀ ਸੋਧ ਫੀਸ ਦੇ ਨਾਲ ਸਿਰਫ਼ ਮੁੱਖ ਦਫ਼ਤਰ ਵਿੱਚ ਸਬੰਧਤ ਸ਼ਾਖਾ ਵਿੱਚ ਜਾ ਕੇ ਸੋਧ ਕਰਵਾਈ ਜਾ ਸਕਦੀ ਹੈ।
ਵਧੇਰੇ ਜਾਣਕਾਰੀ ਲਈ, ਸ਼ਡਿਊਲ, ਹਦਾਇਤਾਂ ਅਤੇ ਸੋਧ ਕਰਨ ਦੀ ਪ੍ਰਕਿਰਿਆ ਸਕੂਲਾਂ ਦੀ ਲੌਗ-ਇਨ ਆਈਡੀ ਅਤੇ ਬੋਰਡ ਦੀ ਵੈੱਬਸਾਈਟ ‘ਤੇ ਉਪਲਬਧ ਹੈ।
